ਪੱਤਰ ਪ੍ਰੇਰਕ
ਸਮਾਲਸਰ, 14 ਅਕਤੂਬਰ
ਸਮਾਲਸਰ ਜਿਸ ਦੀਆਂ ਮੌਜੂਦਾ ਪੰਜ ਪੰਚਾਇਤਾਂ ਚੱਲ ਰਹੀਆਂ ਹਨ ਤੇ ਚਾਰ ਸਾਲ ਪਹਿਲਾਂ ਸਮਾਲਸਰ ਨੂੰ ਸਬ ਤਹਿਸੀਲ ਦਾ ਦਰਜਾ ਵੀ ਮਿਲ ਚੁੱਕਿਆ ਹੈ। ਪਿੰਡ ਵਿਚ ਪੱਕੀ ਦਾਣਾ ਮੰਡੀ ਪਿਛਲੇ 60 ਸਾਲਾਂ ਤੋਂ ਚੱਲ ਰਹੀ ਹੈ ਅਤੇ ਇਸ ਮੰਡੀ ਤੋਂ ਸਾਉਣੀ ਹਾੜੀ ਵਿੱਚ ਕਰੋੜਾਂ ਰੁਪਏ ਮਾਰਕੀਟ ਫੀਸ ਵੀ ਸਰਕਾਰ ਨੂੰ ਮਿਲਦੀ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਇਸ ਨਗਰ ਦੀਆਂ ਦੋ ਲਿੰਕ ਸੜਕਾਂ ਸਮਾਲਸਰ ਤੋਂ ਘਣੀਏਵਾਲਾ ਅਤੇ ਸਮਾਲਸਰ ਤੋਂ ਜੀਵਨ ਵਾਲਾ ਅਜੇ ਤੱਕ ਕੱਚੀਆਂ ਹਨ। ਇਸ ਇਲਾਕੇ ਵਿੱਚੋਂ ਹਰ ਸਾਲ ਲੱਖਾਂ ਬੋਰੀ ਅਨਾਜ ਮੰਡੀ ਵਿੱਚ ਆਉਂਦਾ ਹੈ ਸੜਕਾਂ ਕੱਚੀਆਂ ਹੋਣ ਕਾਰਨ ਮੰਡੀ ਵਿੱਚ ਫ਼ਸਲ ਲਿਆਉਣਾ ਅਤੇ ਜਰੂਰੀ ਕੰਮਾਂ ਕਾਰਾਂ ਲਈ ਸਮਾਲਸਰ ਆਉਣਾ ਬਹੁਤ ਮੁਸ਼ਕਿਲ ਹੈ। ਬਾਰਿਸ਼ ਦੇ ਸੀਜਨ ਵਿੱਚ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੇਂ ਸਮਾਲਸਰ ਨਗਰ ਪੰਚਾਇਤ, ਮਾਰਕੀਟ ਕਮੇਟੀ, ਬਲਾਕ ਬਣਨ ਦੀਆਂ ਸ਼ਰਤਾਂ ਵੀ ਪੂਰੀਆਂ ਕਰ ਰਿਹਾ ਹੈ ਪਰ ਅਜੇ ਤੱਕ ਲਿੰਕ ਸੜਕਾਂ ਜੋ ਕੱਚੀਆਂ ਹਨ, ਸਬੰਧਤ ਵਿਭਾਗ ਦੀ ਨਜ਼ਰ ਨਹੀਂ ਪਈ ਹੈ। ਇਸ ਬਾਰੇ ਕਿਸਾਨਾਂ ਵੱਲੋਂ ਜੁਬਾਨੀ ਅਤੇ ਲਿਖਤੀ ਦਰਖਾਸਤਾਂ ਵੀ ਭੇਜੀਆਂ ਗਈਆਂ ਹਨ। ਗਰਾਮ ਪੰਚਾਇਤਾਂ ਵੱਲੋਂ ਮਤੇ ਵੀ ਪਾਸ ਕੀਤੇ ਗਏ ਹਨ। ਇਸ ਸਬੰਧ ਵਿੱਚ ਲੋਕਾਂ ਵੱਲੋਂ ਮਨਿਸਟਰੀ ਪੇਂਡੂ ਵਿਕਾਸ ਨਵੀਂ ਦਿੱਲੀ, ਮੁੱਖ ਮੰਤਰੀ ਪੰਜਾਬ, ਚੇਅਰਮੈਨ ਪੰਜਾਬ ਮੰਡੀ ਬੋਰਡ, ਡਿਪਟੀ ਕਮਿਸ਼ਨਰ ਮੋਗਾ ਅਤੇ ਮਾਰਕੀਟ ਕਮੇਟੀ ਬਾਘਾਪੁਰਾਣਾ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਹਨ। ਇਸ ਇਲਾਕੇ ਦੇ ਸਮੂਹ ਕਿਸਾਨਾਂ ਵੱਲੋਂ ਸਮਾਲਸਰ ਤੋਂ ਘਣੀਏਵਾਲਾ ਅਤੇ ਸਮਾਲਸਰ ਤੋਂ ਜੀਵਨਵਾਲਾ ਨੂੰ ਪੱਕੀ ਸੜਕ ਨਾਲ ਜੋੜਣ ਲਈ ਐਕਸੀਅਨ ਮੰਡੀ ਬੋਰਡ ਅਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ।