ਜੋਗਿੰਦਰ ਸਿੰਘ ਮਾਨ
ਮਾਨਸਾ, 21 ਨਵੰਬਰ
ਮਾਨਸਾ ਸ਼ਹਿਰ ਦੇ ਵਾਰਡ ਨੰਬਰ 25 ਅਤੇ 26 ਦੇ ਵਸਨੀਕਾਂ ਨੇ ਇੱਕ ਇਕੱਠ ਕਰਕੇ ਦੱਸਿਆ ਕਿ ਉਹ ਜਿਸ ਜਗ੍ਹਾ ’ਤੇ ਰਹਿੰਦੇ ਹਨ, ਉਥੇ ਉਹ ਪਿਛਲੇ 50 ਤੋਂ 60 ਸਾਲਾਂ ਤੋਂ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮਾਨਸਾ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜ ਕੇ ਲੱਖਾਂ ਰੁਪਏ ਭਰਨ ਲਈ ਕਿਹਾ ਜਾ ਰਿਹਾ ਹੈ, ਜਦੋਂ ਉਹ ਪੰਜਾਬ ਸਰਕਾਰ ਦੇ ਹੁਕਮਾਂ ਦਾ ਹਵਾਲਾ ਦਿੰਦੇ ਹਨ ਤਾਂ ਨਗਰ ਕੌਂਸਲ ਮਾਨਸਾ ਦੇ ਅਧਿਕਾਰੀਆਂ ਵਲੋਂ ਕਿਹਾ ਜਾਂਦਾ ਹੈ ਕਿ ਨੋਟੀਫਿਕੇਸ਼ਨ ਦੀ ਕਾਪੀ ਲਿਆਉਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਰਜਿਸਟਰੀ ਫੀਸ ਮੁਆਫ਼ ਕੀਤੀ ਜਾਵੇ।
ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 25 ਤੋਂ ਕੌਂਸਲਰ ਰਾਣੀ ਕੌਰ ਸਾਬਕਾ, ਅੇੈੱਮਸੀ ਚਰਨਜੀਤ ਸਿੰਘ ਨੇ ਦੱਸਿਆ ਇਹ ਪਿਛਲੇ ਲੰਮੇ ਸਮੇਂ ਤੋਂ ਇਸ ਜਗ੍ਹਾ ’ਤੇ ਰਹਿ ਰਹੇ ਹਨ, ਹੁਣ ਜਦੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮਾਲਕਾਨਾ ਹੱਕ ਦੇਣਾ ਹੈ ਤਾਂ ਨਗਰ ਕੌਂਸਲ ਮਾਨਸਾ ਦੇ ਅਧਿਕਾਰੀ ਵਿੱਚ ਅੜਿੱਕਾ ਬਣ ਰਹੇ ਹਨ।
ਦੂਜੇ ਪਾਸੇ ਕਾਰਜ ਸਾਧਕ ਅਫ਼ਸਰ ਮਾਨਸਾ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਸਕੀਮ ਤਹਿਤ 54 ਗਜ ਤੱਕ ਮੁਆਫ਼ ਹੈ, ਉਸ ਤੋਂ ਜ਼ਿਆਦਾ ਹੋਣ ’ਤੇ 12 ਫ਼ੀਸਦ ਅਤੇ 75 ਗਜ ਹੋਣ ਉਤੇ ਪੂਰਾ ਰੇਟ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਨੋਟਿਸ ਭੇਜ ਕੇ ਪੈਸੇ ਭਰਨ ਲਈ ਕਿਹਾ ਜਾ ਰਿਹਾ ਹੈ।