ਨਿੱਜੀ ਪੱਤਰ ਪ੍ਰੇਰਕ
ਮਲੋਟ, 31 ਅਗਸਤ
ਪਿੰਡ ਦਾਨੇਵਾਲਾ ਵਿੱਚ ਮਨਰੇਗਾ ਦੇ ਫਰਜ਼ੀ ਜੋਬ ਕਾਰਡ ਬਣਨ ਦਾ ਮਸਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਫ਼ਤਰ ਵੱਲੋਂ ਮੁਹੱਈਆ ਕਰਵਾਈ ਗਈ 651 ਲਾਭਪਾਤਰੀਆਂ ਦੀ ਸੂਚੀ ਵਿੱਚ ਕਈ ਨਾਂ ਅਜਿਹੇ ਹਨ , ਜੋ ਦੋ-ਦੋ ਥਾਵਾਂ ’ਤੇ ਬੋਲਦੇ ਹਨ। ਕਾਰਡ ਨੰਬਰ 626 ਅਤੇ 64 ਇਕ ਨਾਮ ’ਤੇ ਹਨ ਅਤੇ ਕਾਰਡ ਨੰਬਰ 242 ਤੇ 624 ਇਕੋ ਔਰਤ ਦੇ ਨਾਂ ’ਤੇ ਦਰਜ ਹਨ, ਕਾਰਡ ਨੰਬਰ 627 ਤੇ 281 ਵੀ ਇੱਕੋ ਵਿਅਕਤੀ ਦੇ ਨਾਂ ’ਤੇ ਦਰਜ ਹਨ, ਕਾਰਡ ਨੰਬਰ 114 ਅਤੇ 613 ਇੱਕੋ ਵਿਅਕਤੀ ਦੇ ਨਾਮ ’ਤੇ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਕਾਰਡ ਹਨ ਜੋ ਦੋ-ਦੋ ਥਾਵਾਂ ’ਤੇ ਬੋਲਦੇ ਹਨ। ਆਰਟੀਆਈ ਐਕਟੀਵਿਸਟ ਬਖਸ਼ੀਸ਼ ਸਿੰਘ ਸੰਧੂ ਨੇ ਦੱਸਿਆ ਕਿ ਕਾਰਡਾਂ ਦਾ ਇਸ ਤਰ੍ਹਾਂ ਦੋ-ਦੋ ਥਾਵਾਂ ’ਤੇ ਬੋਲਣਾ ਅਤੇ ਫਿਰ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਪੁਆਉਣਾ ਦਫ਼ਤਰੀ ਸਟਾਫ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ , ਜਿਸ ਦੀ ਵਿਸਥਾਰਿਤ ਪੜਤਾਲ ਹੋਣੀ ਲਾਜ਼ਮੀ ਹੈ। ਬਸਪਾ ਦੇ ਜ਼ਿਲ੍ਹਾ ਆਗੂ ਅਨੋਖ ਸਿੰਘ ਨੇ ਦੱਸਿਆ ਕਿ ਹੋਰ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਨੇ ਪਿੰਡ ਦਾਨੇਵਾਲਾ ਦੇ ਲੰਘੇ ਸਮੇਂ ਵਿੱਚ ਬਣੇ ਕਾਰਡਾਂ ਦੀ ਪੜਤਾਲ ਦੀ ਮੰਗ ਵੀ ਕੀਤੀ। ਦੁਹਰੇ ਕਾਰਡਾਂ ਸਬੰਧੀ ਨਰੇਗਾ ਸੈਕਟਰੀ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਦੁਹਰੇ ਨਾਵਾਂ ਸਬੰਧੀ ਅਣਜਾਣ ਹਨ, ਪੜਤਾਲ ਕਰਨਗੇ।