ਪੱਤਰ ਪ੍ਰੇਰਕ
ਮਾਨਸਾ, 20 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਵਿੱਚ ਖਸਖਸ ਦੀ ਖੇਤੀ ਨੂੰ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਮੁੱਖ ਏਜੰਡਾ ਬਣਾਉਣ ਦੀ ਅਪੀਲ ਕੀਤੀ ਗਈ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਖਸਖਸ ਦੀ ਖੇਤੀ ਨਾਲ ਪੰਜਾਬ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਿਆ ਜਾ ਸਕਦਾ ਹੈ। ਉਨ੍ਹਾਂ ਸੰਯੁਕਤ ਸਮਾਜ ਮੋਰਚੇ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਅਫੀਮ ਦੀ ਖੇਤੀ ਨੂੰ ਖੇਤੀ ਵਿਭਿੰਨਤਾ ਵਜੋਂ ਉਭਾਰਨ ਦਾ ਹਰ ਸੰਭਵ ਉਪਰਾਲਾ ਕਰਨ। ਯੂਨੀਅਨ ਦੀ ਇਥੇ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਜਦੋਂ ਅਫੀਮ ਨੂੰ ਸਾਰੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਰਤੋਂ ਵਿੱਚ ਲਿਆਉਂਦੀਆਂ ਹਨ ਤਾਂ ਜੇਕਰ ਇਸ ਨੂੰ ਸਿੱਧੇ ਤੌਰ ’ਤੇ ਬੀਜ ਦੀ ਖੁੱਲ੍ਹ ਦਿੱਤੀ ਜਾਵੇ। ਕਿਸਾਨ ਆਗੂ ਸ੍ਰੀ ਝੰਡੂਕੇ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨਿਆਂ ਨਰਮੇ ਦਾ ਮੁਆਵਜ਼ਾ ਛੇਤੀ ਤੋਂ ਛੇਤੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਰਮੇ ਦੀ ਮੁਆਵਜ਼ੇ ਲਈ ਛੇਤੀ ਹੀ ਉਪ ਮੰਡਲ ਅਫ਼ਸਰਾਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਜਟਾਣਾ, ਪ੍ਰਸ਼ੋਤਮ ਸਿੰਘ ਗਿੱਲ, ਜਸਕਰਨ ਸਿੰਘ ਸ਼ੇਰਖਾਂ, ਲਾਭ ਸਿੰਘ ਬਰਨਾਲਾ, ਬਲਵੰਤ ਸਿੰਘ ਦਲੀਏਵਾਲੀ, ਰਾਜਿੰਦਰ ਸਿੰਘ ਮਾਖਾ, ਜਗਮੇਲ ਸਿੰਘ ਮੰਘਾਣੀਆਂ, ਅੰਮ੍ਰਿਤਪਾਲ ਸਿੰਘ ਮਾਖਾ, ਤਾਰਾ ਸਿੰਘ ਰੱਲਾ, ਦਲੇਲ ਸਿੰਘ ਫੱਤਾ, ਅਮਰੀਕ ਸਿੰਘ ਮਾਖਾ, ਲਾਲਾ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।