ਪੱਤਰ ਪ੍ਰੇਰਕ
ਭਦੌੜ, 3 ਨਵੰਬਰ
ਪਿੰਡ ਦੀਪਗੜ੍ਹ ਵਿੱਚੋਂ ਲੰਘਦੀ ਨਿਰਮਾਣ ਅਧੀਨ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤੇ ਪਏ ਮੋਟੇ ਪੱਥਰ ਕਾਰਨ ਕਿਸਾਨ ਤੇ ਰਾਹਗੀਰ ਖੱਜਲ ਖੁਆਰ ਹੋ ਰਹੇ ਹਨ ਪਰ ਸਰਕਾਰ ਦੇ ਅਧਿਕਾਰੀ ਸੜਕ ਪੂਰੀ ਕਰਨ ਵੱਲ ਤਵੱਜੋ ਨਹੀਂ ਦੇ ਰਹੇ। ਦੀਪਗੜ੍ਹ ਦੇ ਪਤਵੰਤਿਆਂ ਡਾ. ਬਲਵਿੰਦਰ ਸਿੰਘ, ਗੁਰਜੀਤ ਸਿੰਘ ਪ੍ਰਧਾਨ, ਕਰਮ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਮੁੱਖ ਸਿੰਘ, ਮੁਕੰਦ ਸਿੰਘ, ਰਛਪ੍ਰੀਤ ਸਿੰਘ, ਬਿੱਟੂ ਸਿੰਘ ਆਦਿ ਨੇ ਦੱਸਿਆ ਕਿ ਇਹ ਸੜਕ ਸ਼ਹਿਣਾ, ਵਿਧਾਤੇ, ਦੀਪਗੜ੍ਹ, ਮੱਝੂਕੇ, ਤਲਵੰਡੀ ਨੂੰ ਮਿਲਾ ਰਹੀ ਹੈ। ਇਹ ਸੜਕ ਤਤਕਾਲੀ ਮੈਂਬਰ ਲੋਕ ਸਭਾ ਭਗਵੰਤ ਸਿੰਘ ਮਾਨ ਦੇ ਐੱਮਪੀ ਕੋਟੇ ਵਿੱਚੋਂ ਪ੍ਰਵਾਨ ਹੋਣ ਸਦਕਾ ਬਣ ਰਹੀ ਹੈ। ਕਈ ਮਹੀਨੇ ਪਹਿਲਾਂ ਇਸ ਸੜਕ ਤੇ ਮੋਟਾ ਪੱਥਰ ਪਾ ਦਿੱਤਾ ਸੀ। ਇਲਾਕਾ ਵਾਸੀ ਕਈ ਵਾਰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਤੇ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਫਰਿਆਦ ਕਰ ਚੁੱਕੇ ਹਨ। ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੀ ਕੋਟੇ ਵਿੱਚੋਂ ਬਣ ਰਹੀ ਇਸ ਸੜਕ ਨੂੰ ਤੁਰੰਤ ਮੁਕੰਮਲ ਕਰਵਾ ਕੇ ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਹੱਲ ਕੀਤਾ ਜਾਵੇ।