ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 31 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ’ਤੇ ਹਲਕਾ ਇੰਚਾਰਜ ਸਤਿੰਦਰ ਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਿਆਨਬਾਜ਼ੀ ਕਰਨ ਵਾਲੀ ਬੀਬੀ ਵੀਰਪਾਲ ਇੰਸਾਂ ਖ਼ਿਲਾਫ਼ ਕਾਰਵਾਈ ਦੀ ਮੰਗ ਸਬੰਧੀ ਪਾਰਟੀ ਦਾ ਵਫ਼ਦ ਥਾਣਾ ਵੈਰੋਕਾ ਤੇ ਥਾਣਾ ਸਦਰ ਜਲਾਲਾਬਾਦ ਪਹੁੰਚਿਆ, ਜਿੱਥੇ ਉਨ੍ਹਾਂ ਥਾਣਾ ਮੁਖੀਆਂ ਨੂੰ ਮੰਗ ਪੱਤਰ ਸੌਂਪਦਿਆਂ ਕਾਰਵਾਈ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਵੀਰਪਾਲ ਕੌਰ ਇੰਸਾਂ ਵਾਸੀ ਬਠਿੰਡਾ ਨੇ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਦੀ ਤੁਲਨਾ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਕੀਤੀ। ਇਸ ਮੌਕੇ ਅਸ਼ੋਕ ਅਨੇਜਾ, ਡਾ. ਰਾਜ ਸਿੰਘ ਡਿੱਬੀਪੁਰਾ, ਦਵਿੰਦਰ ਬੱਬਲ, ਪੂਰਨ ਚੰਦ, ਬੂੜ ਸਿੰਘ ਆਦਿ ਮੌਜੂਦ ਸਨ।
ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਘੇਰਿਆ
ਫਤਿਹਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਪੌਸ਼ਾਕ ਦੇਣ ਦੇ ਮਾਮਲੇ ’ਤੇ ਅਕਾਲੀ ਦਲ ਨੂੰ ਘੇਰਦਿਆਂ ਤਿੱਖੀ ਨੁਕਤਾਚੀਨੀ ਦਰਜ ਕਰਵਾਈ ਹੈ। ਪਾਰਟੀ ਦੇ ਇੱਥੋਂ ਸਰਕਲ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਰਾਜਕਾਲ ਦੌਰਾਨ ਵੋਟਾਂ ਦੀ ਖਾਤਰ ਅਕਾਲੀ ਦਲ ਨੇ ਖੁੱਲ੍ਹ ਕੇ ਡੇਰਾ ਸਿਰਸਾ ਦੀ ਮਦਦ ਕੀਤੀ ਸੀ ਪਰ ਹੁਣ ਪੰਜਾਬ ਭਰ ਵਿੱਚ ਪੁਲੀਸ ਨੂੰ ਡੇਰਾ ਪ੍ਰੇਮਣ ਵੀਰਪਾਲ ਕੌਰ ਖ਼ਿਲਾਫ਼ ਮਾਮਲੇ ਦਰਜ ਕਰਨ ਲਈ ਮੰਗ ਪੱਤਰ ਸੌਪੇ ਜਾ ਰਹੇ ਹਨ।