ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 6 ਸਤੰਬਰ
ਫੌਜਦਾਰੀ ਕੇਸ ਵਿੱਚ ਨਾਮਜ਼ਦ ਰੇਲਵੇ ਪੁਲੀਸ ਵਿਭਾਗ ਦੇ ਸੀਨੀਅਰ ਕਮਾਂਡੈਂਟ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਮੰਗ ਲਈ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਹਾਇਕ ਕਮਾਂਡੈਂਟ ਅਰੁਣ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਉਚ ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਥੇ ਸਹਾਇਕ ਕਮਾਂਡੈਂਟ ਵਜੋਂ ਸੇਵਾਵਾਂ ਨਿਭਾਅ ਚੁੱਕੇ ਰਾਏ ਅਮਿਤਾਭ ਉਪਰ ਆਲ ਇੰਡੀਆ ਆਰਪੀਐੱਫ਼ ਦੇ ਸਾਬਕਾ ਜਨਰਲ ਸਕੱਤਰ ਗੁਰਦਿਆਲ ਸਿੰਘ ’ਤੇ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਦੋਸ਼ ਹੈ। ਗੁਰਦਿਆਲ ਸਿੰਘ ਦਾ ਦੋਸ਼ ਹੈ ਕਿ ਕੇਸ ਦਰਜ ਹੋਣ ਦੇ ਬਾਵਜੂਦ ਇਸ ਪੁਲੀਸ ਅਧਿਕਾਰੀ ਨੂੰ ਤਰੱਕੀ ਦੇ ਕਮਾਂਡੈਂਟ ਬਣਾ ਦਿੱਤਾ ਗਿਆ ਹੈ ਤੇ ਉਸ ਖ਼ਿਲਾਫ਼ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਸਟੇਟ ਐਗਜ਼ੈਕਟਿਵ ਮੈਂਬਰ ਕਾਮਰੇਡ ਹੰਸਰਾਜ ਗੋਲਡਨ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਭਗਵਾਨ ਦਾਸ ਬਹਾਦਰ ਕੇ, ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਰਮਨ ਧਰਮੂਵਾਲਾ ਨੇ ਦੱਸਿਆ ਕਿ ਜੇਕਰ ਗੁਰਦਿਆਲ ਸਿੰਘ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੰਘਰਸ਼ ਤਿੱਖਾ ਕਰਨ ਤੋਂ ਪਿੱਛੇ ਨਹੀਂ ਹਟਣਗੇ।