ਖੇਤਰੀ ਪ੍ਰਤੀਨਿਧ
ਬਰਨਾਲਾ, 24 ਅਗਸਤ
ਇੱਥੇ ਬਾਬਾ ਅਰਜਨ ਸਿੰਘ ਭਦੌੜ ਯਾਦਗਾਰੀ ਭਵਨ ਵਿੱਚ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦੀਆਂ ਬਰਨਾਲਾ ਤੇ ਤਪਾ ਇਕਾਈਆਂ ਦਾ ਡੈਲੀਗੇਟ ਇਜਲਾਸ ਹੋਇਆ। ਪਾਰਟੀ ਦੇ ਜ਼ਿਲ੍ਹਾ ਆਗੂ ਐਡਵੋਕਟ ਹਾਕਮ ਸਿੰਘ ਭੁੱਲਰ, ਖੁਸ਼ੀਆ ਸਿੰਘ ਬਰਨਾਲਾ ਤੇ ਉਜਾਗਰ ਸਿੰਘ ਬੀਹਲਾ ਨੇ ਹਾਜ਼ਰ ਡੈਲੀਗੇਟਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰੋਗਰਾਮ ਤੇ ਹਦਾਇਤਾਂ ਬਾਰੇ ਚਾਨਣਾ ਪਾਉਂਦਿਆਂ ਪਾਰਟੀ ਦੀ ਪਿੰਡ ਤੇ ਮੁਹੱਲੇ ਪੱਧਰ ਤੱਕ ਉਸਾਰੀ ਤੇ ਮਜ਼ਬੂਤੀ ਦੀ ਲੋੜ ‘ਤੇ ਜ਼ੋਰ ਦਿੱਤਾ। ਤਹਿਸੀਲ ਬਰਨਾਲਾ ਆਗੂ ਸੁਖਜੰਟ ਸਿੰਘ ਨੇ ਲੰਘੇ ਤਿੰਨ ਸਾਲ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ, ਜੋ ਚਰਚਾ ਦੌਰਾਨ ਕੁਝ ਵਾਧਿਆਂ ਨਾਲ ਪਾਸ ਕਰ ਦਿੱਤੀ ਗਈ। ਉਪਰੰਤ ਹੋਈ ਚੋਣ ਦੌਰਾਨ ਤਹਿਸੀਲ ਤਪਾ ਲਈ ਜੁਗਰਾਜ ਸਿੰਘ ਰਾਮਾ ਸਕੱਤਰ, ਧਰਮ ਸਿੰਘ ਸਹਾਇਕ ਸਕੱਤਰ ਤੇ 9 ਮੈਂਬਰੀ ਕਾਰਜਕਾਰਨੀ ਕਮੇਟੀ ਚੁਣੀ ਗਈ। ਇਸੇ ਤਰ੍ਹਾਂ ਸੁਖਜੰਟ ਸਿੰਘ ਤਹਿਸੀਲ ਬਰਨਾਲਾ ਦੇ ਮੁੜ ਸਕੱਤਰ ਚੁਣੇ ਗਏ। ਨਾਲ ਹੀ ਨੌਂ ਮੈਂਬਰੀ ਕਮੇਟੀ ਚੁਣੀ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਇਜਲਾਸ ਹਿੱਤ ਵੀ 19 ਡੈਲੀਗੇਟ ਵੀ ਚੁਣ ਲਏ ਗਏ। ਅਖੀਰ ‘ਚ ਜੁਗਰਾਜ ਰਾਮਾ ਨੇ ਸ਼ਾਮਿਲ ਡੈਲੀਗੇਟਸ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ 2 ਸਤੰਬਰ ਨੂੰ ਹੋਵੇਗਾ।