ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਨਵੰਬਰ
ਪੰਜਾਬ ਪੁਲੀਸ ’ਚ ਛੋਟੇ ਥਾਣੇਦਾਰਾਂ ਦੀਆਂ ਪੱਕੀਆਂ ਤਰੱਕੀਆਂ ਦਾ ਮਾਮਲਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ। 31 ਅਕਤੂਬਰ ਨੂੰ ਵੱਡੀ ਗਿਣਤੀ ’ਚ ਤਰੱਕੀਆਂ ਤੋਂ ਵਾਂਝੇ ਮੁਲਾਜ਼ਮ ਸੇਵਾ ਮੁਕਤ ਹੋ ਗਏ ਹਨ। ਪੰਜਾਬ ਪੁਲੀਸ ’ਚ ਯਕੀਨਨ ਸੇਵਾ ਤਰੱਕੀ (ਐਸ਼ੋਓਰਡ ਕਰੀਅਰ ਪ੍ਰੋਗਰੈਸ਼ਨ) ਤਹਿਤ ਵਿਭਾਗ ਨੇ ਬਿਨਾਂ ਤਨਖਾਹ ਵਾਧੇ ਤੋਂ ਰਿਓੜੀਆ ਵਾਂਗ ਤਰੱਕੀਆਂ ਵੰਡ ਦਿੱਤੀਆਂ ਪਰ ਛੋਟੇ ਥਾਣੇਦਾਰਾਂ ਦੀਆਂਂ ਪੱਕੀਆਂ ਤਰੱਕੀਆਂ ਦਾ ਮਸਲਾ ਲਟਕਿਆ ਪਿਆ ਹੈ।
ਪੁਲੀਸ ਅਕੈਡਮੀ ਫਿਲੌਰ ਵਿੱਚ 1200 ਮੁਲਾਜਮਾਂ ਦਾ ਕੋਰਸ ਬੀਤੀ ਪਹਿਲੀ ਫਰਵਰੀ ਨੂੰ ਸ਼ੁਰੂ ਹੋਇਆ ਤੇ ਤਕਰੀਬਨ 45 ਦਿਨ ਬਾਅਦ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਲੱਗੇ ਲੌਕਡਾਊਨ ਕਾਰਨ 19 ਮਾਰਚ ਨੂੰ ਜ਼ਿਲ੍ਹਿਆਂ ਵਿੱਚ ਲਾਅ ਐਂਡ ਆਰਡਰ ਡਿਊਟੀ ’ਤੇ ਭੇਜਣ ਕਾਰਨ ਉਨ੍ਹਾਂ ਦਾ ਕੋਰਸ ਅੱਧ ਵਿਚਾਲੇ ਲਟਕ ਗਿਆ। ਕਈ ਮਹੀਨੇ ਮਗਰੋਂ ਆਨਲਾਈਨ ਕੋਰਸ ਹੋਇਆ ਤੇ ਨਤੀਜਾ ਆਉਣ ਬਾਅਦ ਵੀ ਵਿਭਾਗ ਨੇ ਉਨ੍ਹਾਂ ਦੀ ਤਰੱਕੀ ਨਹੀਂ ਕੀਤੀ। ਤਰੱਕੀ ਦੇ ਹੁਕਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਵੱਡੀ ਗਿਣਤੀ ’ਚ ਮੁਲਾਜ਼ਮ 31 ਅਕਤੂਬਰ ਨੂੰ ਸੇਵਾ ਮੁਕਤ ਹੋ ਗਏ ਅਤੇ ਕਈ ਮੁਲਾਜ਼ਮ ਅਗਲੇ ਮਹੀਨਿਆਂ ਵਿੱਚ ਸੇਵਾ ਮੁਕਤ ਹੋ ਜਾਣਗੇ। ਬਿਨਾਂ ਤਨਖਾਹ ਵਾਧੇ ਤੋਂ ਬਣੇ ਥਾਣੇਦਾਰ ਥਾਣਿਆਂ ’ਚ ਮੁੱਖ ਮੁਨਸ਼ੀ, ਅਦਾਲਤਾਂ ’ਚ ਨਾਇਬ ਕੋਰਟ ਤੇ ਸਿਆਸੀ ਆਗੂਆਂ ਦੇ ਗੰਨਮੈਨ ਪਹਿਲਾਂ ਵਾਲੀ ਹੀ ਡਿਊਟੀ ਕਰ ਰਹੇ ਹਨ।
ਦੂਜੇ ਪਾਸੇ ਸਿੱਧੇ ਭਰਤੀ ਸਬ-ਇੰਸਪੈਕਟਰ, ਇੰਸਪੈਕਟਰ, ਡੀਐੱਸਪੀ ਇੱਕ ਵਾਰ ਬੇਸਿਕ ਸਿਖਲਾਈ ਲੈਂਦੇ ਹਨ ਉਨ੍ਹਾਂ ਨੂੰ ਹੋਰ ਕੋਈ ਤਰੱਕੀ ਕੋਰਸ ਨਹੀਂ ਕਰਨਾ ਪੈਂਦੇ ਉਨ੍ਹਾਂ ਦੀ ਤਰੱਕੀ ਸੀਨੀਆਰਤਾ ਮੁਤਾਬਕ ਹੁੰਦੀ ਰਹਿੰਦੀ ਹੈ ਪਰ ਸਿਪਾਹੀ ਤੋਂ ਪਦ ਉੱਨਤ ਮੁਲਾਜ਼ਮ ਤਜਰਬੇਕਾਰ, ਸੀਨੀਅਰ ਅਤੇ ਕੋਰਸ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਤਰੱਕੀ ਕੋਰਸ ਕਰਨਾ ਪੈਂਦਾ ਹੈ। ਪੀੜਤ ਮੁਲਾਜ਼ਮਾਂ ਨੇ ਦੱਸਿਆ ਕਿ ਵਿਭਾਗ ਤੋਂ ਈ-2 ਲੈਣ ਵਾਲੇ ਕਰਮਚਾਰੀ ਬਿਨਾਂ ਅੱਪਰ ਕੋਰਸ ਕੀਤੇ ਪ੍ਰਮੋਟ ਕਰ ਦਿੱਤੇ ਜਾਂਦੇ ਹਨ ਅਤੇ ਹੁਣ ਉਹ ਥਾਣਾ ਮੁਖੀ ਲੱਗੇ ਹਨ ਜੋ ਉਨ੍ਹਾਂ ਤੋਂ ਜੂਨੀਅਰ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਲਈ ਇਕੋ ਜਿਹੇ ਨਿਯਮ ਹੋਣੇ ਚਾਹੀਦੇ ਹਨ। ਉਹ ਤਜਰਬੇਕਾਰ, ਸੀਨੀਅਰ ਅਤੇ ਕੋਰਸ ਪਾਸ ਹੋਣ ਦੇ ਬਾਵਜੂਦ ਤਰੱਕੀ ਦੀ ਝਾਕ ਵਿੱਚ ਸੇਵਾਮੁਕਤ ਹੋ ਰਹੇ ਹਨ।