ਮਨੋਜ ਸ਼ਰਮਾ
ਬਠਿੰਡਾ, 15 ਜੂਨ
ਇੱਥੋਂ ਦੇ ਮਤੀਦਾਸ ਨਗਰ ਵਿੱਚ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਇਕੱਠੇ ਹੋਏ ਅੱਧੀ ਦਰਜਨ ਮੁਹੱਲਾ ਵਾਸੀਆਂ ਨੇ ਜਲ ਸਪਲਾਈ ਵਿਭਾਗ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਰਾਜਵਿੰਦਰ ਸਿੰਘ, ਬਲਰਾਜ ਸਿੰਘ ਬਿੱਕਰ ਸਿੰਘ ਧਿੰਗੜ ਤੇ ਜਗਰਾਜ ਸਿੰਘ ਨੇ ਦੋਸ਼ ਲਗਾਏ ਕਿ ਗਰੋਥ ਸੈਂਟਰ ਵਿੱਚ ਬਣਿਆ ਜਲ ਘਰ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਕਿਉਂਕਿ ਪਿਛਲੇ ਤਿੰਨ ਮਹੀਨਿਆਂ ਤੋਂ ਭਾਈ ਮਤੀ ਦਾਸ ਨਗਰ ਤੋਂ ਇਲਾਵਾ ਨਛੱਤਰ ਨਗਰ, ਹਰਬੰਸ ਨਗਰ, ਜੋਗਾ ਸਿੰਘ ਨਗਰ, ਸਿਲਵਰ ਸਿਟੀ ਅਤੇ ਜੱਸੀ ਪੋ ਵਾਲਾ ਖੇਤਰ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਹੋਏ ਹਨ ਪਰ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਦੋਸ਼ ਲਗਾਏ ਕਿ ਜਲ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਕੋਲ ਵਾਰ ਵਾਰ ਬੇਨਤੀ ਕੀਤੀ ਗਈ ਹੈ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਪਾਣੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ ਤਾਂ ਜੋ ਹਰ ਘਰ ਦੀ ਸਮੱਸਿਆ ਹੱਲ ਹੋ ਸਕੇ। ਪਰ ਮਹਿਕਮੇ ਦੇ ਕਰਮਚਾਰੀਆਂ ਤੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ।
ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਮੰਤਰੀ ਸਾਹਿਬ ਵੱਲੋਂ ਭਾਵੇਂ ਸ਼ਹਿਰ ਦੇ ਹਰ ਕੋਨੇ ਵਿੱਚ ਪਾਣੀ ਪਹੁੰਚਣ ਦਾ ਵਾਅਦਾ ਕੀਤਾ ਹੋਇਆ ਹੈ ਪਰ ਬਠਿੰਡਾ ਦੇ ਅੱਧੀ ਦਰਜਨ ਮੁਹੱਲੇ ਅੱਜ ਪਾਣੀ ਤੋਂ ਪਿਆਸੇ ਹਨ।
ਸਮੱਸਿਆ ਛੇਤੀ ਹੱਲ ਹੋ ਜਾਵੇਗੀ: ਐੱਸਡੀਓ
ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਐੱਸ.ਡੀ.ਓ. ਰਵੀ ਕੁਮਾਰ ਦਾ ਕਹਿਣਾ ਹੈ ਕਿ ਨਹਿਰੀ ਬੰਦੀ ਹੋਣ ਅਤੇ ਬਹਿਮਣ ਰਜਵਾਹਾ ਟੁੱਟਣ ਕਾਰਨ 15 ਦਿਨ ਸਮੱਸਿਆ ਜ਼ਰੂਰੀ ਆਈ ਹੈ ਪਰ ਫੇਰ ਵੀ ਉਹ ਰੋਜ਼ ਇੱਕ ਵਕਤ ਪਾਣੀ ਦੀ ਸਪਲਾਈ ਦੇ ਰਹੇ ਹਨ ਅਤੇ ਜਲਦੀ ਹੀ ਇਨ੍ਹਾਂ ਮੁਹੱਲਿਆਂ ਦੀ ਸਮੱਸਿਆ ਹੱਲ ਹੋ ਜਾਵੇਗੀ।