ਕਰਨ ਭੀਖੀ
ਭੀਖੀ, 20 ਅਕਤੂਬਰ
ਸਾਹਿਤ ਅਕਾਦਮੀ ਦਿੱਲੀ ਵੱਲੋਂ ਭਾਰਤੀ ਵਿਦਿਆ ਭਵਨ, ਬੰਗਲੌਰ ਵਿੱਚ ਯੁਵਾ ਪੁਰਸਕਾਰ ਸਮਾਰੋਹ 2020 ਦੇ ਅੰਤਰਗਤ ‘ਪੰਜਾਬੀ ਭਾਸ਼ਾ ਦਾ ਯੁਵਾ ਪੁਰਸਕਾਰ’ ਦੀਪਕ ਧਲੇਵਾਂ ਨੂੰ ਪ੍ਰਦਾਨ ਕੀਤਾ ਗਿਆ। ਅਕਾਦਮੀ ਦੇ ਪ੍ਰਧਾਨ ਚੰਦਰ ਸ਼ੇਖਰ ਕੰਬਾਰ ਦੀ ਪ੍ਰਧਾਨਗੀ ਵਿੱਚ ਹੋੲੈ ਇਸ ਸਮਾਰੋਹ ਵਿਚ ਰਚਨਾਕਾਰ ਪ੍ਰੋਫ਼ੈਸਰ ਅਰੁਣ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹਨ। ਦੀਪਕ ਧਲੇਵਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ‘‘ਮਲਾਹਾਂ ਤੋਂ ਬਿਨਾਂ’’ ਲਈ ਪ੍ਰਦਾਨ ਕੀਤਾ ਗਿਆ। ਪੁਰਸਕਾਰ ਦੀ ਪ੍ਰਕਿਰਿਆ ਵਿੱਚ ਅਕਾਦਮੀ ਦੀ ਟਰਾਫ਼ੀ, ਪ੍ਰਸ਼ੰਸਾ ਪੱਤਰ ਅਤੇ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਪ੍ਰਦਾਨ ਕੀਤਾ ਗਿਆ। ਦੀਪਕ ਧਲੇਵਾਂ ਪੰਜਾਬੀ ਦੇ ਨਵੀਂ ਪੀੜ੍ਹੀ ਦੇ ਗ਼ਜ਼ਲਗੋਆਂ ਵਿੱਚ ਸ਼ੁਮਾਰ ਹਨ। ਇਸ ਪੁਸਤਕ ਤੋਂ ਇਲਾਵਾ ਉਨ੍ਹਾਂ ਦੀ ਇੱਕ ਗ਼ਜ਼ਲ ਪੁਸਤਕ ਨਦੀ ਕਲਾਵੇ ਰੇਤ ਅਤੇ ਤਿੰਨ ਕਾਵਿ ਆਲੋਚਨਾ ਪੁਸਤਕਾਂ ਹਨ। 1985 ਵਿੱਚ ਜਨਮੇ ਦੀਪਕ ਧਲੇਵਾਂ ਲੰਮਾ ਸਮਾਂ ਪਿੰਡ ਧਲੇਵਾਂ ਰਹਿਣ ਤੋਂ ਬਾਅਦ ਅੱਜ ਕੱਲ੍ਹ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਹਨ।