ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 5 ਮਾਰਚ
ਇਸ ਵਰ੍ਹੇ ਜਨਵਰੀ ’ਚ ਮੌਸਮ ਦੀ ਲੰਬੀ ਖਰਾਬੀ ਕਾਰਨ ਆਲੂਆਂ ਦੇ ਘਟੇ ਝਾੜ ਨੇ ਕਿਸਾਨਾਂ ਦੀਆਂ ਸਧਰਾਂ ‘ਤੇ ਪਾਣੀ ਫੇਰ ਦਿੱਤਾ ਹੈ। ਇਸ ਸਮੇਂ ਅਗੇਤੇ ਆਲੂ ਦੀ ਪੁਟਾਈ ਚੱਲ ਰਹੀ ਹੈ। ਕਿਸਾਨਾਂ ਅਨੁਸਾਰ ਇਸ ਵਾਰ ਚੰਗੇ ਭਾਅ ਕਾਰਨ ਉਨ੍ਹਾਂ ਨੂੰ ਕਾਫੀ ਉਮੀਦਾਂ ਸਨ ਪਰ ਘਟੇ ਝਾੜ ਕਾਰਨ ਸਾਰੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ। ਪਿੰਡ ਗੁੰਮਟੀ ਕਲਾਂ ਦੇ ਕਿਸਾਨ ਇਕਬਾਲ ਸਿੰਘ ਗੁੰਮਟੀ ਨੇ ਦੱਸਿਆ ਕਿ ਅਗੇਤੀ ਫਸਲ ਦਾ ਝਾੜ 15 ਤੋਂ 20 ਪ੍ਰਤੀਸ਼ਤ ਘੱਟ ਨਿੱਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜਨਵਰੀ ’ਚ ਪਏ ਭਾਰੀ ਮੀਂਹ ਤੇ ਲੰਬਾ ਸਮਾਂ ਧੁੱਪ ਨਾ ਨਿਕਲਣ ਕਾਰਨ ਆਲੂੁਆਂ ਦੀ ਫਸਲ ਠੀਕ ਢੰਗ ਨਾਲ ਵਧ-ਫੁੱਲ ਨਹੀਂ ਸਕੀ ਤੇ ਕਈ ਥਾਵਾਂ ’ਤੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਆਲੂਆਂ ਦੀ ਫ਼ਸਲ ਗਲ ਗਈ ਹੈ। ਮੌਸਮ ਦੀ ਕਰੋਪੀ ਕਾਰਨ ਆਲੂਆਂ ਦੀ ਗੁਣਵੱਤਾ ਵੀ ਵਧੀਆ ਨਹੀਂ ਰਹੀ। ਜਲਾਲ ਦੇ ਕਿਸਾਨ ਰਾਜ ਸਿੰਘ ਨੇ ਦੱਸਿਆ ਕਿ ਪਛੇਤੀ ਫ਼ਸਲ ਦਾ ਝਾੜ ਹੋਰ ਵੀ ਘੱਟ ਨਿਕਲਣ ਦਾ ਖ਼ਦਸ਼ਾ ਹੈ। ਕਿਸਾਨਾਂ ਨੇ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਆਲੂਆਂ ਦੀ ਪੁਟਾਈ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਵੱਲੋਂ ਹੋਏ ਨੁਕਸਾਨ ਦੀ ਸਮੇਂ ਸਿਰ ਗਿਰਦਾਵਰੀ ਨਹੀਂ ਕਰਵਾਈ ਜਾ ਰਹੀ। ਬੀਕੇਯੂ (ਉਗਰਾਹਾਂ) ਦੇ ਆਗੂ ਸੁਖਜੀਤ ਸਿੰਘ ਕੋਠਾਗੁਰੂ ਨੇ ਆਲੂਆਂ ਦੀ ਫਸਲ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਕੋਲੋਂ ਜਲਦ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਲੂ ਉਤਪਾਦਕ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਆਰਥਿਕ ਮੰਦੀ ‘ਚੋਂ ਲੰਘ ਰਹੇ ਹਨ, ਪਰ ਸਰਕਾਰ ਨੇ ਕਦੇ ਵੀ ਉਨ੍ਹਾਂ ਦੀ ਬਾਂਹ ਨਹੀ ਫੜੀ। ਇਸੇ ਦੌਰਾਨ ਬੀਕੇਯੂ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੇ ਇਕ ਦੋ ਦਿਨਾਂ ਦੇ ਵਿਚ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਉਨ੍ਹਾਂ ਦੀ ਜਥੇਬੰਦੀ ਧਰਨੇ ਦੇਣ ਲਈ ਮਜਬੂਰ ਹੋਵੇਗੀ।