ਜਸਵੰਤ ਜੱਸ
ਫ਼ਰੀਦਕੋਟ, 28 ਅਗਸਤ
ਫ਼ਰੀਦਕੋਟ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਅੱਜ ਇੱਥੇ ਇਲਾਕੇ ਦੇ ਲੋਕਾਂ ਨਾਲ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਜੇ ਸਰਕਾਰੀ ਹਸਪਤਾਲਾਂ ਦੀ ਦੁਰਦਸ਼ਾ ਤੁਰੰਤ ਨਾ ਸੁਧਾਰੀ ਗਈ ਤਾਂ ਉਹ ਇਸ ਖ਼ਿਲਾਫ਼ ਸੰਘਰਸ਼ ਕਰਨਗੇ। ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ, ਹੈਪੀ ਬਰਾੜ, ਸਿਮਰਜੀਤ ਸਿੰਘ ਸੁੱਖਣਵਾਲਾ, ਬਲਜੀਤ ਸਿੰਘ ਅਤੇ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਮਾਲਵੇ ਦੇ ਦਸ ਜ਼ਿਲ੍ਹਿਆਂ ਨੂੰ ਸਿਹਤ ਸੇਵਾਵਾਂ ਦੇਣ ਲਈ ਸਥਾਪਿਤ ਕੀਤੇ ਗਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਦੋਸ਼ ਲਾਇਆ ਕਿ ਮਰੀਜ਼ਾਂ ਨੂੰ ਇਲਾਜ ਲਈ ਪਰਚੀ ਕਟਵਾਉਣ ਲਈ ਲੰਬਾ ਸਮਾਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਹਸਪਤਾਲ ਵਿੱਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ।