ਪਵਨ ਗੋਇਲ
ਭੁੱਚੋ ਮੰਡੀ, 27 ਦਸੰਬਰ
ਪਿੰਡ ਲਹਿਰਾ ਮੁਹੱਬਤ ਵਿੱਚ ਅੱਠ ਪਿੰਡਾਂ ਦੇ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਇਨ੍ਹਾਂ ਪਿੰਡਾਂ ਵਿੱਚੋਂ ਲੰਘਣ ਵਾਲੇ ਬਠਿੰਡਾ-ਸੁਲਤਾਨਪੁਰ ਲੋਧੀ ਕੌਮੀ ਮਾਰਗ 754ਏ ਦਾ ਵਿਰੋਧ ਕਰਦਿਆਂ ਇਸ ਸੜਕ ਲਈ ਜ਼ਮੀਨਾਂ ਨਾ ਦੇਣ ਦਾ ਫੈਸਲਾ ਲਿਆ ਹੈ। ਇਸ ਮੌਕੇ ਪਿੰਡ ਲਹਿਰਾ ਮੁਹੱਬਤ, ਲਹਿਰਾ ਖਾਨਾ, ਲਹਿਰਾ ਬੇਗਾ, ਮਾਨਸਾ ਖੁਰਦ, ਚੱਕ ਰਾਮ ਸਿੰਘ ਵਾਲਾ, ਚੱਕ ਬਖਤੂ, ਮਹਿਰਾਜ ਅਤੇ ਮਾੜੀ ਦੇ ਕਿਸਾਨਾਂ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਕਿਸਾਨਾਂ ਦੀਆਂ ਜ਼ਮੀਨ ਦੋ ਦੋ ਹਿੱਸਿਆਂ ਵਿੱਚ ਵੰਡੀਆਂ ਜਾਣਗੀਆਂ। ਜਿਸ ਨਾਲ ਖੇਤਾਂ ਨੂੰ ਪਾਣੀ ਆਦਿ ਲਗਾਉਣ ਵਿੱਚ ਭਾਰੀ ਮੁਸ਼ਕਲ ਆਵੇਗੀ। ਉਹ ਆਪਣੀਆਂ ਜ਼ਮੀਨਾਂ ’ਤੇ ਕਿਸੇ ਨੂੰ ਜਬਰੀ ਕਬਜ਼ਾ ਨਹੀਂ ਕਰਨ ਦੇਣਗੇ। ਇਸ ਮੌਕੇ ਕਿਸਾਨਾਂ ਨੇ ਅੱਠ ਮੈਂਬਰੀ ਸੜਕ ਸੰਘਰਸ਼ ਕਮੇਟੀ ਤਿਆਰ ਕੀਤੀ।
ਰਾਮਪੁਰਾ ਫੂਲ ’ਚ ਨਾਜਾਇਜ਼ ਕਬਜ਼ਿਆਂ ਦਾ ਜ਼ੋਰ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ) ਸ਼ਹਿਰ ਅੰਦਰ ਭੂ ਮਾਫ਼ੀਏ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਗੁਰਮੀਤ ਸਿੰਘ ਮਹਿਰਾਜ ਨੇ ਅੱਜ ਕੈਨਾਲ ਕਲੱਬ ’ਚ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਕਿ ਪਿਛਲੇ ਦਿਨੀਂ ਸ਼ਹਿਰ ਦੇ ਜ਼ਨਾਨਾ ਹਸਪਤਾਲ ਦੇ ਮੇਨ ਗੇਟ ਨੂੰ ਧੱਕੇਸ਼ਾਹੀ ਨਾਲ ਬੰਦ ਕਰਕੇ ਬਣਾਈ ਦੁਕਾਨ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਕਿ ਕੈਨਾਲ ਕਲੱਬ ਰਾਮਪੁਰਾ ਫੂਲ ਦੇ ਬੈਕਸਾਈਡ ’ਤੇ ਜੋ ਸੜਕ ਕੋਠੇ ਮਹਾਂ ਸਿੰਘ ਨੂੰ ਜਾਂਦੀ ਹੈ ਤੇ ਇਸ ਸੜਕ ਦਾ ਰਸਤਾ 5 ਕਰਮਾ ਭਾਵ ਸਾਢੇ 27 ਫੁੱਟ ਚੌੜਾ ਹੈ, ਨੂੰ ਸ਼ਹਿਰ ਦੇ ਕਾਰੋਬਾਰੀ ਦੇ ਮਾਲਕਾਂ ਨੇ ਖਰੀਦ ਕੇ ਚਾਰਦੀਵਾਰੀ ਕਰਦੇ ਸਮੇਂ ਸਾਢੇ ਪੰਜ ਫੁੱਟ ਜਗਾ ਰੋਕ ਲਈ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਇਸ ਰਕਬੇ ਦੇ ਵਿਚਕਾਰ ਦੀ 11 ਫੁੱਟ ਚੌੜਾ ਖਾਲ ਵੀ ਜਾਂਦਾ ਸੀ ਜਿਸ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਨਾਲ ਜੰਗਲਾਤ ਮਹਿਕਮੇ ਦੇ ਦਰਖ਼ਤ ’ਤੇ ਵੀ ਕਬਜ਼ਾ ਕਰ ਲਿਆ ਹੈ।