ਪੱਤਰ ਪ੍ਰੇਰਕ
ਭਾਈਰੂਪਾ, 12 ਦਸੰਬਰ
ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨਾਂ ਦੇ ਕਰਜ਼ ਮੁਆਫੀ ਸਬੰਧੀ ਦਿੱਤੇ ਜਾ ਰਹੇ ਬਿਆਨਾਂ ’ਤੇ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਲੰਬੇ ਹੱਥੀਂ ਲਿਆ। ਅੱਜ ਭਾਈਰੂਪਾ ਵਿੱਚ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਿਸਾਨਾਂ ਦਾ ਪੂਰਾ ਕਰਜ਼ ਮੁਆਫ ਕਰਨ ਦਾ ਵਾਅਦਾ ਸਿਰਫ ਕੈਪਟਨ ਅਮਰਿੰਦਰ ਸਿੰਘ ਦਾ ਨਹੀਂ ਬਲਕਿ ਕਾਂਗਰਸ ਪਾਰਟੀ ਅਤੇ 5 ਸਾਲ ਸੱਤਾ ਸੁਖ ਭੋਗਣ ਵਾਲੀ ਕੈਬਨਿਟ ਦਾ ਸੀ। ਮਲੂਕਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਕਿਸਾਨਾਂ ਦਾ ਸਾਰਾ ਕਰਜ਼ ਮੁਆਫ ਕਰਨ ਦਾ ਵਾਅਦਾ ਕਾਂਗਰਸ ਨੇ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਕਾਂਗਰਸ ਵਾਅਦਾਖ਼ਿਲਾਫ਼ੀ ਦੇ ਇਲਜ਼ਾਮਾਂ ਤੋਂ ਸੁਰਖਰੂ ਨਹੀਂ ਹੋ ਸਕਦੀ। ਸ੍ਰੀ ਮਲੂਕਾ ਨੇ ਦੋਸ਼ ਲਗਾਏ ਕਿ ਕਰਜ਼ ਮੁਆਫ਼ੀ ਦੇ ਮੁੱਦੇ ’ਤੇ ਮੁੱਖ ਮੰਤਰੀ ਵੱਲੋਂ ਆਪਣੇ ਬਾਕੀ ਐਲਾਨਾਂ ਅਤੇ ਫੈਸਲਿਆਂ ਵਾਂਗ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ। ਸੂਬੇ ਦੇ ਲੋਕ ਕਾਂਗਰਸ ਦੀ ਦੂਹਰੇ ਮਾਪਦੰਡਾਂ ਦੀ ਰਾਜਨੀਤੀ ਨੂੰ ਸਮਝ ਚੁੱਕੇ ਹਨ ਤੇ ਹੁਣ ਉਹ ਕਾਂਗਰਸ ਦੇ ਝਾਂਸੇ ਵਿਚ ਨਹੀਂ ਆਉਣਗੇ। ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਸਾਬਕਾ ਪ੍ਰਧਾਨ ਗੁਰਮੇਲ ਸਿੰਘ ਮੇਲੀ, ਮੱਲ ਸਿੰਘ, ਸੁਰਜੀਤ ਸਿੰਘ ਭਾਈਰੂਪਾ, ਕੁਲਦੀਪ ਸਿੰਘ ਚੇਲਾ ਤੇ ਜਸਵੰਤ ਸਿੰਘ ਭਾਈਰੂਪਾ ਹਾਜ਼ਰ ਸਨ।