ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 29 ਜੁਲਾਈ
ਮੋਗਾ ਦੇ ਪ੍ਰੀਤ ਨਗਰ ਵਿੱਚ ਹੈਜ਼ੇ ਦੀ ਬਿਮਾਰੀ ਕਾਰਨ ਇੱਕ 75 ਸਾਲਾ ਮਹਿਲਾ ਦੀ ਮੌਤ ਹੋ ਗਈ ਜਦਕਿ ਦੋ ਦਰਜਨ ਤੋਂ ਜ਼ਿਆਦਾ ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ। ਮਰਨ ਵਾਲੀ ਮਹਿਲਾ ਦੀ ਪਛਾਣ ਅਮਰਜੀਤ ਕੌਰ ਵਜੋਂ ਹੋਈ ਹੈ।
ਇੱਥੋਂ ਦੇ ਪ੍ਰੀਤ ਨਗਰ ਵਾਰਡ ਨੰਬਰ-28 ਦੇ ਕੌਂਸਲਰ ਜਗਜੀਤ ਸਿੰਘ ਤੇ ਵਾਰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਰਲਣ ਕਾਰਨ ਘਰ-ਘਰ ਵਿੱਚ ਹੈਜ਼ੇ ਦੇ ਮਰੀਜ਼ ਪਏ ਹਨ ਪਰ ਹੁਣ ਤੱਕ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਮਿਲੀ ਜਾਣਕਾਰੀ ਅਨੁਸਾਰ ਹੈਜ਼ੇ ਦੇ ਪ੍ਰਕੋਪ ਕਾਰਨ ਸਿਵਲ ਹਸਪਤਾਲ ਤੇ ਹੋਰ ਹਸਪਤਾਲਾਂ ’ਚ ਦੋ ਦਰਜਨ ਤੋਂ ਵੱਧ ਮਰੀਜ਼ ਦਾਖਲ ਹਨ। ਇਕ ਮਹਿਲਾ ਦੀ ਹੈਜ਼ੇ ਕਾਰਨ ਮੌਤ ਵੀ ਹੋ ਚੁੱਕੀ ਹੈ, ਜਿਸ ਕਰ ਕੇ ਵਾਰਡ ਵਾਸੀ ਖੌਫ ਵਿੱਚ ਹਨ। ਪਾਣੀ ਦਾ ਦਬਾਅ ਘੱਟ ਹੋਣ ਅਤੇ ਜ਼ਮੀਨ ਦੇ ਬਰਾਬਰ ਹੀ ਖੁੱਲ੍ਹੀਆਂ ਟੂਟੀਆਂ ਹੋਣ ਕਾਰਨ ਸੀਵਰੇਜ ਤੇ ਬਾਰਿਸ਼ ਦਾ ਪਾਣੀ ਇਨ੍ਹਾਂ ਵਿੱਚ ਮਿਲ ਜਾਂਦਾ ਹੈ ਜਿਸ ਕਾਰਨ ਇੱਥੋਂ ਦੇ ਲੋਕਾਂ ਨੂੰ ਹੈਜ਼ੇ ਨੇ ਘੇਰਿਆ ਹੈ।
ਵਾਰਡ ਵਾਸੀਆਂ ਪ੍ਰੀਤਮ ਸਿੰਘ ਚੀਮਾ, ਹਰਬੰਸ ਸਿੰਘ ਢਿੱਲੋਂ ਤੇ ਜਗਦੇਵ ਸਿੰਘ ਸੌਂਧ ਆਦਿ ਨੇ ਮੰਗ ਕੀਤੀ ਕਿ ਸਮੁੱਚੇ ਸ਼ਹਿਰ ਤੇ ਖਾਸ ਕਰ ਕੇ ਬਸਤੀਆਂ ਤੇ ਮੁਹੱਲਿਆਂ ਵਿੱਚ ਹੈਜ਼ਾ ਫੈਲਣ ਤੋਂ ਰੋਕਣ ਦੇ ਆਗਾਮੀ ਪ੍ਰਬੰਧ ਕੀਤੇ ਜਾਣ ਅਤੇ ਬਿਮਾਰ ਹੋਏ ਲੋਕਾਂ ਦਾ ਵਧੀਆ ਇਲਾਜ ਯਕੀਨੀ ਬਣਾਇਆ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਏਡੀਸੀ ਜਯੋਤੀ ਬਾਲਾ ਮੱਟੂ ਨੇ ਦੱਸਿਆ ਕਿ ਪ੍ਰੀਤ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਐੱਸਐੱਮਓ ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਅਮਰਜੀਤ ਕੌਰ ਨਾਂ ਦੀ ਇਕ 75 ਸਾਲ ਮਹਿਲਾ ਹੈਜ਼ੇ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਈ ਸੀ ਪਰ ਫਿਰ ਵੀ ਉਸ ਦੇ ਮੌਤ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਂਪ ਲਗਾ ਕੇ ਬਿਮਾਰ ਵਿਅਕਤੀਆਂ ਨੂੰ ਦਵਾਈਆਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਡਾ. ਨਰੇਸ਼ ਚਾਵਲਾ ਤੇ ਮਹਿੰਦਰ ਪਾਲ ਲਾਂਬਾ ਨੇ ਦੱਸਿਆ ਕਿ ਪਾਣੀ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।