ਪੱਤਰ ਪ੍ਰੇਰਕ
ਸੰਗਤ ਮੰਡੀ, 17 ਮਾਰਚ
ਇਥੇ ਪਿੰਡ ਪੱਕਾ ਕਲਾਂ ਵਿਖੇ ਅੱਜ ਚਿੱਟੇ ਦਾ ਟੀਕਾ ਲਾਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਗੱਗੂ (24) ਪੁੱਤਰ ਗੁਰਮੁਖ ਸਿੰਘ ਅੱਜ ਆਪਣੇ ਘਰ ਦੇ ਕਮਰੇ ਵਿਚ ਮ੍ਰਿਤਕ ਹਾਲਤ ਵਿੱਚ ਮਿਲਿਆ ਜਿਸ ਕੋਲੋਂ ਖਾਲੀ ਸਰਿੰਜ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਉਸ ਦੀ ਪਤਨੀ ਅਤੇ ਮਾਂ ਘਰ ਨਹੀਂ ਸਨ ਤੇ ਉਹ ਘਰ ’ਚ ਇਕੱਲਾ ਸੀ। ਉਸ ਦਾ ਰਿਸ਼ਤੇਦਾਰ ਘਰ ਆਇਆ ਤਾਂ ਉਸ ਨੇ ਦੇਖਿਆ ਗਗਨਦੀਪ ਸਿੰਘ ਕਮਰੇ ਵਿਚ ਮ੍ਰਿਤਕ ਹਾਲਤ ਵਿੱਚ ਪਿਆ ਸੀ। ਪਰਿਵਾਰ ਵਾਲਿਆਂ ਨੇ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।