ਮਮਦੋਟ: ਪੁਲੀਸ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਪੋਜੋ ਕੇ ਉਤਾੜ ਵਿੱਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਸਿੰਘ (18) ਪੁੱਤਰ ਬੋਹੜ ਸਿੰਘ ਕਰੀਬ ਦੋ ਸਾਲਾਂ ਤੋਂ ਨਸ਼ਾ ਕਰਦਾ ਸੀ ਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਨਸ਼ਾ ਵੇਚਣ ਵਾਲੇ ਪਿੰਡ ਦੇ ਹੀ ਕੁਝ ਲੋਕਾਂ ਦੇ ਘਰ ਅੱਗੇ ਲਾਸ਼ ਰੱਖ ਕੇ ਦੋਸ਼ੀਆਂ ਵਿਰੁੱਧ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਤੇ ਧਰਨਾ ਦਿੱਤਾ। ਇਸ ਮੌਕੇ ਐੱਸਐੱਚਓ ਮਮਦੋਟ ਪੁਲੀਸ ਸਮੇਤ ਮੌਕੇ ’ਤੇ ਪਹੁੰਚੇ। ਪੁਲੀਸ ਨੇ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਘਰ ਦੀ ਤਲਾਸ਼ੀ ਲਈ ਤਾਂ ਮੌਕੇ ਤੋਂ ਕਈ ਮੋਬਾਈਲ ਫ਼ੋਨ ਅਤੇ ਕੁਝ ਗੋਲੀਆਂ ਮਿਲੀਆਂ ਜਿਸ ਨੂੰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਘਟਨਾ ਦੀ ਜਾਣਕਾਰੀ ਡੀਐੱਸਪੀ ਫਿਰੋਜ਼ਪੁਰ ਯਾਦਵਿੰਦਰ ਸਿੰਘ ਨੂੰ ਦਿੱਤੀ ਗਈ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਕਮਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਘਟਨਾ ਸਬੰਧੀ ਕਾਰਵਾਈ ਦਾ ਭਰੋਸਾ ਦਿੱਤਾ। -ਪੱਤਰ ਪ੍ਰੇਰਕ