ਪੱਤਰ ਪ੍ਰੇਰਕ
ਮਾਨਸਾ, 21 ਸਤੰਬਰ
ਪਿੰਡ ਬੁਰਜ ਰਾਠੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਦਿੱਲੀ ਘੋਲ ਦੇ ਸ਼ਹੀਦ ਨਰਾਇਣ ਦੇਵ ਦੀ ਬਰਸੀ ਮਨਾਈ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਲੜੀ ਗਈ ਲੜਾਈ ਦੌਰਾਨ ਜਿਹੜੇ ਕਿਸਾਨ-ਮਜ਼ਦੂਰ ਆਗੂਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਦੀਆਂ ਕੁਰਬਾਨੀਆਂ ਆਸਰੇ ਹੀ ਕੇਂਦਰ ਨੇ ਗੋਡੇ ਟੇਕਦਿਆਂ ਕਾਨੂੰਨ ਵਾਪਸ ਲਏ ਹਨ। ਜਥੇਬੰਦੀ ਨੇ ਬਾਕਾਇਦਾ ਦਿੱਲੀ ਅੰਦੋਲਨ ਦੇ ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਾਇਣ ਦੇਵ ਬੁਰਜ ਰਾਠੀ ਇੱਕ ਜੁਝਾਰੂ ਆਗੂ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਦੱਬੇ-ਕੁਚਲੇ ਲੋਕਾਂ ਦੀ ਲੜਾਈ ਵਿੱਚ ਲਾਇਆ ਅਤੇ ਦੋ ਵਾਰ ਜੇਲ੍ਹ ਯਾਤਰਾ ਵੀ ਕੀਤੀ। ਉਨ੍ਹਾਂ ਦੀ ਦਿੱਲੀ ਮੋਰਚੇ ਵਿੱਚ ਵੀ ਲੰਮੀ ਹਾਜ਼ਰੀ ਰਹੀ ਅਤੇ ਚੱਲਦੇ ਮੋਰਚੇ ਦੌਰਾਨ ਉਹ ਬਿਮਾਰ ਹੋ ਕੇ ਘਰ ਪਰਤੇ ਸਨ ਤੇ ਘਰ ਪਹੁੰਚ ਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਘਾਲਣਾ ਨੂੰ ਦੇਖਦੇ ਹੋਏ ਉਨ੍ਹਾਂ ਦੇ ਨਗਰ ਬੁਰਜ ਰਾਠੀ ਦੇ ਲੋਕਾਂ ਨੇ ਬਰਸੀ ਮੌਕੇ ਉਨ੍ਹਾਂ ਨੂੰ ਸਿਜਦਾ ਕੀਤਾ ਅਤੇ ਹਮੇਸ਼ਾਂ ਲਈ ਪਰਿਵਾਰ ਨਾਲ ਖੜ੍ਹਨ ਦਾ ਭਰੋਸਾ ਦਿਵਾਇਆ। ਇਸ ਮੌਕੇ ਲਖਵੀਰ ਸਿੰਘ ਅਕਲੀਆ, ਜਗਦੇਵ ਸਿੰਘ ਭੈਣੀਬਾਘਾ, ਬਲਜੀਤ ਚੌਧਰੀ, ਬਲਵਿੰਦਰ ਚਕੇਰੀਆਂ, ਜਗਸੀਰ ਸਿੰਘ, ਗੁਰਵਿੰਦਰ ਸਿੰਘ, ਅਮਰੀਕ ਸਿੰਘ, ਕਾਕਾ ਸਿੰਘ, ਅਜੈਬ ਸਿੰਘ, ਬਾਬੂ ਸਿੰਘ, ਨਾਜ਼ਰ ਸਿੰਘ ਤੇ ਅਜਮੇਰ ਸਿੰਘ ਨੇ ਵੀ ਸੰਬੋਧਨ ਕੀਤਾ।