ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਜੂਨ
ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਯੂਨੀਅਨ ਵੱਲੋਂ 19 ਦਿਨਾਂ ਦੇ ਕਰੀਬ ਲਗਾਤਾਰ ਸਮੂਹਿਕ ਛੁੱਟੀ ਲੈ ਕੇ ਕੀਤੀ ਹੜਤਾਲ ਤੋਂ ਬਾਅਦ ਹੁਣ ਦੋ ਦਿਨਾਂ ਲਈ ਦਫਤਰ ਖੋਲ੍ਹਣ ਦੇ ਕੀਤੇ ਐਲਾਨ ਤੋਂ ਬਾਅਦ ਅੱਜ ਮੁਕਤਸਰ ਡਿਪਟੀ ਕਮਿਸ਼ਨਰ ਦਫਤਰ ਵਿੱਚ ਕੰਮ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਰਜਿਸਟਰੀਆਂ ਲਈ ਆਨ-ਲਾਈਨ ਸਮਾਂ ਨਾ ਮਿਲਣ ਕਰਕੇ ਅਤੇ ਲੋਕਾਂ ਨੂੰ ਹੜਤਾਲ ਖੁੱਲ੍ਹਣ ਦਾ ਬਹੁਤਾ ਸਪੱਸ਼ਟ ਨਾ ਹੋਣ ਕਰਕੇ ਦਫਤਰਾਂ ’ਚ ਆਮ ਲੋਕਾਂ ਦੀ ਆਵਾਜਾਈ ਨਾਂਹ ਦੇ ਬਰਾਬਰ ਹੀ ਰਹੀ। ਇਸ ਦੌਰਾਨ ਯੂਨੀਅਨ ਦੇ ਆਗੂ ਵਰਿੰਦਰ ਢੋਸੀਵਾਲ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਦਫਤਰ ਦੇ ਗੇਟ ਮੂਹਰੇ ਮੁਜ਼ਾਹਰਾ ਕਰਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇ ਭਲਕੇ ਤੱਕ ਮੰਗਾਂ ਪ੍ਰਵਾਨ ਕਰਨ ਦਾ ਐਲਾਨ ਨਾ ਕੀਤਾ ਤਾਂ ਜਥੇਬੰਦੀ ਸੋਮਵਾਰ ਤੋਂ ਮੁੜ ਹੜਤਾਲ ਸ਼ੁਰੂ ਕਰ ਦੇਵੇਗੀ। ਇਸ ਮੌਕੇ ਸੁਰਿੰਦਰ ਕੁਮਾਰ ਪੀਏ, ਰਜਿੰਦਰ ਸਿੰਘ ਬੁੱਟਰ, ਦਲਜੀਤ ਸਿੰਘ ਤੇ ਦੀਪਕ ਕੁਮਾਰ ਮੌਜੂਦ ਸਨ।
ਮਾਨਸਾ (ਪੱਤਰ ਪ੍ਰੇਰਕ): ਪਿਛਲੇ ਲਗਾਤਾਰ 17 ਦਿਨਾਂ ਤੋਂ ਹੜਤਾਲ ’ਤੇ ਚਲੇ ਆ ਰਹੇ ਦਫ਼ਤਰੀ ਬਾਬੂਆਂ ਦੀ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਰਕਾਰੀ ਅਧਿਕਾਰੀਆਂ ਨਾਲ ਕੱਲ੍ਹ ਹੋਈ ਮੀਟਿੰਗ ਤੋਂ ਬਾਅਦ ਅੱਜ ਮਾਨਸਾ ਵਿੱਚ ਸਾਰੇ ਦਫ਼ਤਰਾਂ ਵਿੱਚ ਕਾਮਿਆਂ ਨੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ। ਹੜਤਾਲ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜ਼ਸਵੰਤ ਸਿੰਘ ਮੌਜ਼ੋ ਨੇ ਦੱਸਿਆ ਕਿ ਯੂਨੀਅਨ ਦੀ ਸੂਬਾਈ ਬਾਡੀ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਮਾਨਸਾ ਜ਼ਿਲ੍ਹਾ ਇਕਾਈ ਵੱਲੋਂ ਅੱਜ ਬਕਾਇਦਾ ਕੰਮ-ਕਾਜ ਕੀਤਾ ਗਿਆ ਹੈ।