ਪੱਤਰ ਪ੍ਰੇਰਕ
ਗੁਰੂਹਰਸਹਾਏ, 10 ਅਗਸਤ
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਅਤੇ ਪੰਜਾਬ ਦੇ ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਨੇ ਇੱਥੇ 6 ਸ਼ਖਸੀਅਤਾਂ ਨੂੰ ਗਤਕਾ ਐਵਾਰਡਾਂ ਨਾਲ ਸਨਮਾਨਤ ਕੀਤਾ। ਇਸ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਹੁੰਚਣਾ ਸੀ ਪਰ ਜ਼ਰੂਰੀ ਰੁਝੇਵੇਂ ਕਾਰਨ ਉਂਨਾਂ ਦੀ ਥਾਂ ਤੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੱਲੋਂ ਗੱਤਕਾ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਬਦਲੇ ਬਲਦੇਵ ਸਿੰਘ ਬੋਪਾਰਾਏ ਗੁਰਦਾਸਪੁਰ ਤੇ ਅਵਤਾਰ ਸਿੰਘ ਪਟਿਆਲਾ ਨੂੰ ਸਰਵਉੱਚ ‘ਗੱਤਕਾ ਗੌਰਵ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਗੱਤਕਾ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰਨ ਬਦਲੇ ਗੱਤਕੇਬਾਜ਼ ਸਿਮਰਨਜੀਤ ਸਿੰਘ ਚੰਡੀਗੜ੍ਹ ਅਤੇ ਅਕਵਿੰਦਰ ਕੌਰ ਕਪੂਰਥਲਾ ਨੂੰ ‘ਐਨਜੀਏਆਈ ਗੱਤਕਾ ਐਵਾਰਡ’ ਪ੍ਰਦਾਨ ਕੀਤਾ ਗਿਆ ਜਦਕਿ ਗਤਕੇ ਦੇ ਪ੍ਰਚਾਰ-ਪਸਾਰ ਵਿੱਚ ਵਡਮੁੱਲੀਆਂ ਸੇਵਾਵਾਂ ਦੇਣ ਬਦਲੇ ਸੁਖਚੈਨ ਸਿੰਘ ਕਲਸਾਣੀ ਹਰਿਆਣਾ ਅਤੇ ਗੁਰਵਿੰਦਰ ਕੌਰ ਸੀਚੇਵਾਲ, ਸੁਲਤਾਨਪੁਰ ਲੋਧੀ ਨੂੰ ‘ਪ੍ਰੈਜੀਡੈਂਟਜ਼ ਗੱਤਕਾ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਸ਼ਸ਼ਤਰ ਪ੍ਰਦਰਸ਼ਨ ਕਲਾ ਵਿੱਚ ਜੇਤੂ ਰਹੀ ਸਰਦਾਰ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਭੁੱਚੋ ਖੁਰਦ, ਬਠਿੰਡਾ ਦੀ ਟੀਮ ਅਤੇ ਦੂਜੇ ਥਾਂ ’ਤੇ ਆਈ ਖਾਲਸਾ ਗਤਕਾ ਅਕੈਡਮੀ ਸ਼ਾਹਬਾਦ, ਹਰਿਆਣਾ ਦੀ ਟੀਮ ਸਮੇਤ ਵਿਅਕਤੀਗਤ ਸ਼ਸ਼ਤਰ ਪ੍ਰਦਰਸ਼ਨ ਕਲਾ ਵਿੱਚ ਜੇਤੂ ਏਕਸ ਪਿਤਾ ਏਕਸ ਕੇ ਹਮ ਬਾਰਿਕ ਗਤਕਾ ਅਖਾੜਾ ਮੁੰਡੀ ਖਰੜ, ਜਿਲ੍ਹਾ ਐੱਸਏਐੱਸ ਨਗਰ ਦੇ ਗੱਤਕੇਬਾਜ਼ ਜਸਕਰਨ ਸਿੰਘ ਨੂੰ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।