ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਅਪਰੈਲ
ਖੇਤ ਮਜ਼ਦੂਰਾਂ ਦੀਆਂ ਲੰਮੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਦੇ ਹੱਲ ਵਾਸਤੇ ਰਾਹ ਪੱਧਰਾ ਕਰਨ ਲਈ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਵੱਲੋਂ ਜ਼ਿਲ੍ਹੇ ਭਰ ਦੇ ਅਧਿਕਾਰੀਆਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨਾਲ ਬੈਠਕ ਕੀਤੀ ਗਈ। ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਤੇ ਹੋਰ ਆਗੂਆਂ ਨੇ ਆਪਣੀਆਂ ਮੰਗਾਂ ਡਿਪਟੀ ਕਮਿਸ਼ਨਰ ਸਾਹਮਣੇ ਰੱਖੀਆਂ| ਉਨ੍ਹਾਂ ਨਰਮੇ ਦੇ ਖਰਾਬੇ ਦਾ ਮੁਆਵਜ਼ਾ ਤੁਰੰਤ ਵੰਡਣ ਦੀ ਵੀ ਮੰਗ ਕੀਤੀ| ਇਸ ਦੇ ਨਾਲ ਹੀ ਥਾਣਿਆਂ ਵਿੱਚ ਬੰਦ ਕੀਤੀਆਂ ਜੁਗਾੜੂ ਰੇਹੜੀਆਂ ਵੀ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ| ਇਸ ਸਮੇਂ ਜਸਵਿੰਦਰ ਕੌਰ ਦਬੜਾ, ਅਮਰੀਕ ਸਿੰਘ ਭਾਗਸਰ, ਜਗਦੇਵ ਸਿੰਘ ਤਾਮਕੋਟ, ਦਰਸ਼ਨ ਸਿਘ ਭੁੱਟੀਵਾਲਾ, ਸਵਰਨਜੀਤ ਕੌਰ ਗੰਧੜ ਅਤੇ ਮੱਖਣ ਸਿੰਘ ਸਿੰਘੇਵਾਲਾ ਵੀ ਮੌਜੂਦ ਸਨ| ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਮਜ਼ਦੁੂਰਾਂ ਦੀਆਂ ਮੰਗਾਂ ਸਬੰਧੀ ਬੈਠਕ ਵਿੱਚ ਮੌਜੂਦ ਅਧਿਕਾਰੀਆਂ ਪਾਸੋਂ ਜਵਾਬਦੇਹੀ ਕਰਦਿਆਂ ਤੈਅ ਸਮੇਂ ਅੰਦਰ ਕਾਰਵਾਈ ਕਰਦਿਆਂ ਮੰਗਾਂ ਪੂਰੀਆਂ ਕਰਨ ਦੀ ਤਾਕੀਦ ਕੀਤੀ|