ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਅਗਸਤ
ਡਿਪਟੀ ਕਮਿਸ਼ਨਰ ਅਤੇ ਕਰੀਬ 45 ਹੋਰ ਦਫ਼ਤਰਾਂ ਨਾਲ ਸਬੰਧਤ ਕਰਮਚਾਰੀ ਵੱਲੋਂ ਕਰੀਬ ਦੋ ਮਹੀਨਿਆਂ ਤੋਂ ਕੀਤੀ ਜਾ ਰਹੀ ਹੜਤਾਲ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਬਠਿੰਡਾ ਤੇ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਦੇ ਪਿੰਡ ਵੱਡੀਆਂ ਰੈਲੀਆਂ ਕਰਨ ਦੇ ਬਾਵਜੂਦ ਜਦੋਂ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਤਾਂ ਅੱਕ ਕੇ ਕਰਮਚਾਰੀਆਂ ਨੇ ਅੱਜ ਆਪਣਾ ਰੋਸ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁਤਲੇ ਨੂੰ ਫਾਹੇ ਲਾਇਆ।
ਇਸ ਤੋਂ ਪਹਿਲਾਂ ਬਾਕਾਇਦਾ ਅਦਾਲਤ ਲਾ ਕੇ ਮੁਕੱਦਮਾ ਚਲਾਇਆ ਗਿਆ ਤੇ ਮਾਲ ਮੰਤਰੀ ਨੂੰ ਹਜ਼ਾਰਾਂ ਕਰਮਚਾਰੀਆਂ ਦੇ ਭਵਿੱਖ ਦਾ ਦੋਸ਼ੀ ਕਰਾਰ ਦੇ ਕੇ ਫਾਂਸੀ ਦਾ ਹੁਕਮ ਦਿੱਤਾ ਗਿਆ। ਇਸ ਰੋਸ ਮੁਜ਼ਾਹਰੇ ਦੌਰਾਨ ਜ਼ਿਲ੍ਹਾ ਪ੍ਰਧਾਨ ਵਰਿੰਦਰ ਢੋਸੀਵਾਲ ਅਤੇ ਹਰਜਿੰਦਰ ਸਿੰਘ ਸਿੱਧੂ ਸਮੇਤ ਹੋਰਾਂ ਨੇ ਕਿਹਾ ਪੰਜਾਬ ਸਰਕਾਰ ਦੇ ਮੰਗਾਂ ’ਤੇ ਗੌਰ ਨਾ ਕਰਨ ਕਰਕੇ ਕਰਮਚਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਮਜਬੂਰੀ ਵਿੱਚ ਹੜਤਾਲ 15 ਅਗਸਤ ਤੱਕ ਵਧਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ’ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਲਈ ਸਰਕਾਰ ਜ਼ਿੰਮੇਵਾਰ ਹੈ।
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਮਾਨਸਾ ਵੱਲੋਂ ਅੱਜ ਕਲਮਛੋੜ ਹੜਤਾਲ ਦੇ ਚੱਲਦਿਆਂ ਸੀਟਾਂ ਤੋਂ ਵਾਕਆਊਟ ਕਰਦਿਆਂ ਰੋਸ ਰੈਲੀ ਕੀਤੀ ਗਈ ਅਤੇ ਮਾਲ ਮੰਤਰੀ, ਪੰਜਾਬ ਦਾ ਪੁਤਲਾ ਫੂਕਿਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੌਜੋ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ, ਮਾਲ ਵਿਭਾਗ ਵੱਲੋਂ ਡੀ.ਸੀ. ਦਫ਼ਤਰਾਂ ਵਿੱਚੋਂ ਸੀਨੀਅਰ ਸਹਾਇਕਾਂ ਅਤੇ ਕਲਰਕਾਂ ਦੀਆਂ 500 ਦੇ ਕਰੀਬ ਸੈਕਸ਼ਨ ਪੋਸਟਾਂ ਖਤਮ ਕਰ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ 4 ਅਗਸਤ ਨੂੰ ਪਿੰਡ ਕਾਂਗੜ ਵਿੱਚ ਮਾਲ ਮੰਤਰੀ, ਪੰਜਾਬ ਦੀ ਕੋਠੀ ਦਾ ਘਿਰਾਓ ਕਰਨ ਉਪਰੰਤ ਚੱਲੀ ਆ ਰਹੀ ਕਲਮਛੋੜ ਹੜਤਾਲ ਵਿੱਚ ਵਾਧਾ ਕਰਦਿਆਂ 15 ਅਗਸਤ ਤੱਕ ਕਲਮਛੋੜ ਹੜਤਾਲ ਜਾਰੀ ਰੱਖਣ ਫੈਸਲਾ ਲਿਆ ਗਿਆ ਹੈ।