ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਅਗਸਤ
ਪਿਛਲੇ ਛੇ ਦਿਨਾਂ ਤੋਂ ਨਰਮੇ ਦੇ ਖਰਾਬੇ ਦਾ ਮੁਆਵਜ਼ਾ ਲੈਣ ਲਈ ਚੱਲ ਰਹੇ ਧਰਨੇ ਦੌਰਾਨ ਅੱਜ ਬਠਿੰਡਾ ਜ਼ਿਲ੍ਹੇ ਦੇ ਕਿਸਾਨ ਬਲਵਿੰਦਰ ਸਿੰਘ ਵੱਲੋਂ ਆਤਮਹੱਤਿਆ ਕੀਤੇ ਜਾਣ ’ਤੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਹ ਵਧ ਗਿਆ। ਇਸ ਰੋਸ ਦੇ ਮੱਦੇਨਜ਼ਰ ਡੀਸੀ ਦਫ਼ਤਰ ਦੇ ਮੁੱਖ ਗੇਟ ਦਾ ਕੀਤੇ ਘਿਰਾਓ ਦਾ ਘੇਰਾ ਵਧਾ ਕੇ ਦਫ਼ਤਰ ਦੇ ਤਿੰਨੋਂ ਗੇਟਾਂ ਤੱਕ ਕਰ ਦਿੱਤਾ ਗਿਆ, ਜਦੋਂ ਕਿ ਡਿਪਟੀ ਕਮਿਸ਼ਨਰ ਸਣੇ ਹੋਰ ਅਧਿਕਾਰੀ ਤੇ ਕਰਮਚਾਰੀ ਦਫਤਰ ’ਚ ਮੌਜੂਦ ਸਨ|
ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ, ਗੁਰਪਾਲ ਨੰਗਲ, ਗੁਰਜੰਟ ਸਿੰਘ ਸਾਉਂਕੇ, ਤਰਸੇਮ ਸਿੰਘ ਖੁੰਡੇ ਹਲਾਲ ਅਤੇ ਕਿਸਾਨ ਆਗੂ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਹਰਬੰਸ ਕੋਟਲੀ, ਬਿੱਟੂ ਮੱਲਣ ਤੇ ਗੁਰਾਂਦਿੱਤਾ ਭਾਗਸਰ ਹੋਰਾਂ ਨੇ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਤਿੰਨ ਦਿਨਾਂ ਦੇ ਧਰਨੇ ਦੌਰਾਨ ਨਾ ਤਾਂ ਆਮ ਆਦਮੀ ਪਾਰਟੀ ਦਾ ਸਥਾਨਕ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਨਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਨਾ ਲੰਬੀ ਦਾ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਉਨ੍ਹਾਂ ਦੀ ਸਾਰ ਲੈਣ ਆਇਆ ਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ|
ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਨਾ ਤਾਂ ਸੁਰੱਖਿਆ ਤੇ ਨਾ ਹੀ ਸਿਹਤ ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ। ਹਾਲਾਂਕਿ, ਡਿਪਟੀ ਕਮਿਸ਼ਨਰ ਨੇ ਇਹ ਸਹੂਲਤਾਂ ਦੇਣ ਦੀ ਗੱਲ ਕੀਤੀ ਸੀ| ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਦੇ ਸਿਹਤ ਪ੍ਰਬੰਧਾਂ ’ਤੇ ਵਰ੍ਹਦਿਆਂ ਕਿਹਾ ਕਿ ਮੁਕਤਸਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਨਾ ਤਾਂ ਵੈਂਟੀਲੇਟਰ ਹੈ ਤੇ ਨਾ ਹੀ ਮੈਡੀਕਲ ਸਪੈਸ਼ਲਿਸਟ ਹੈ, ਜਿਸ ਕਰ ਕੇ ਸਲਫਾਸ ਖਾਣ ਵਾਲੇ ਕਿਸਾਨ ਨੂੰ ਫੌਰੀ ਇਲਾਜ ਦੀ ਬਜਾਏ 50 ਕਿਲੋਮੀਟਰ ਦੂਰ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ|
ਕਿਸਾਨ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਨਰਮੇ ਦੇ ਮੁਆਵਜ਼ੇ ਲਈ ਲੱਗੇ ਧਰਨੇ ਦਾ ਰੁਖ ਼ਆਰਥਿਕ ਮੰਦਹਾਲੀ, ਸੂਦਖੋਰੀ, ਪ੍ਰੋਨੋਟ ਤੇ ਚੈੱਕਾਂ ਰਾਹੀਂ ਹੁੰਦੀ ਲੁੱਟ ਵਰਗੀਆਂ ਸਮੱਸਿਆਵਾਂ ਵੱਲ ਵਧ ਗਿਆ, ਜਿਸ ਕਰ ਕੇ ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਡਿਪਟੀ ਕਮਿਸ਼ਨਰ ਬੈਠਕਾਂ ਦੌਰਾਨ ਇਕ-ਦੋ ਦਿਨਾਂ ਵਿੱਚ ਹੀ ਮੁਆਵਜ਼ਾ ਵੰਡਣ ਦਾ ਵਾਅਦਾ ਕਰਦੇ ਹਨ| ਸੰਘਰਸ਼ਸ਼ੀਲ ਆਗੂਆਂ ਖ਼ਿਲਾਫ਼ ਦਰਜ ਕਰੀਬ ਦੋ ਦਰਜਨ ਕੇਸਾਂ ਵਿੱਚੋਂ 18 ਰੱਦ ਕੀਤੇ ਜਾਣ ਦੀ ਜ਼ੁਬਾਨੀ ਗੱਲ ਨੂੰ ਰੱਦ ਕਰਦਿਆਂ ਆਗੂਆਂ ਨੇ ਲਿਖਤੀ ਹੁਕਮ ਜਾਰੀ ਕਰਨ ਦੀ ਮੰਗ ਕੀਤੀ| ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਨਰਮੇ ਦੇ ਹੋਏ ਖਰਾਬੇ ਕਰ ਕੇ ਕਿਸਾਨਾਂ ਤੇ ਨਰਮਾ ਚੁਗਣ ਵਾਲੇ ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਸਰਕਾਰ ਵੱਲੋਂ 41 ਕਰੋੜ ਰੁਪਏ ਮੁਕਤਸਰ ਜ਼ਿਲ੍ਹੇ ਵਿੱਚ ਪੁੱਜਣ ਦੇ ਬਾਵਜੂਦ ਮਜ਼ਦੂਰਾਂ ਨੂੰ ਪੈਸਿਆਂ ਦੀ ਵੰਡ ਨਹੀਂ ਕੀਤੀ ਗਈ| ਕਿਸਾਨਾਂ-ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਬਲਵਿੰਦਰ ਸਿੰਘ ਦੀ ਆਤਮਹੱਤਿਆ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਬਲਸ਼ਿੰਦਰ ਸਿੰਘ ਜੋ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਫਸੇ ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਦਾ ਪਿਤਾ ਹੈ, ਖਿਲਾਫ ਕੇਸ ਦਰਜ ਕਰਨ ਤੋਂ ਇਲਾਵਾ ਕਿਸਾਨ ਦੀ ਕੁਰਕੀ ਦੇ ਹੁਕਮ ਰੱਦ ਕਰਵਾ ਕੇ ਸਮੁੱਚਾ ਕਰਜ਼ਾ ਮੁਆਫ ਨਾ ਕੀਤਾ ਗਿਆ ਅਤੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਨਾ ਦਿੱਤੀ ਗਈ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਮੁਆਵਜ਼ਾ ਵੰਡੇ ਜਾਣ ਤੱਕ ਧਰਨਾ ਜਾਰੀ ਰਹੇਗਾ| ਧਰਨਾਕਾਰੀਆਂ ਨੇ ਡੀਸੀ ਦਫਤਰ ਦੇ ਤਿੰਨੋਂ ਗੇਟਾਂ ਦਾ ਘਿਰਾਓ ਕੀਤਾ ਹੋਇਆ ਸੀ ਜਿਸ ਕਰ ਕੇ ਡੀਸੀ ਦਫਤਰ ਦੇ ਅੰਦਰ ਮੌਜੂਦ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਦੇ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਬਚਿਆ|
ਡੀਸੀ ਨੇ ਧਰਨੇ ਵਿੱਚ ਪਹੁੰਚ ਕੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ
ਉੱਧਰ, ਦੇਰ ਸ਼ਾਮ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲੰਬੀ ਚੱਲੀ ਬੈਠਕ ਤੋਂ ਬਾਅਦ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਧਰਨੇ ਵਿੱਚ ਪਹੁੰਚ ਕੇ ਖੁਦਕਸ਼ੀ ਕਰਨ ਵਾਲੇ ਕਿਸਾਨ ਬਲਵਿੰਦਰ ਸਿੰਘ ਰਾਏ ਕੇ ਕਲਾਂਦੀ ਮੌਤ ਤੇ ਅਫਸੋਸ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਕਿ ਇਸ ਮਾਮਲੇ ਵਿੱਚ ਮੁਕਤਸਰ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ| ਮੁਆਵਜ਼ਾ ਤੇ ਕਰਜ਼ਾ ਮੁਆਫੀ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਸੰਪਰਕ ਹੋ ਚੁੱਕਿਆ ਹੈ| ਉਨ੍ਹਾਂ ਕਿਹਾ ਕਿ 10 ਸਤੰਬਰ ਤੋਂ ਪਹਿਲਾਂ-ਪਹਿਲਾਂ ਮੁਆਵਜ਼ਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ| ਇਸ ਵਾਸਤੇ ਲੰਬੀ ਖੇਤਰ ਵਿੱਚ ਬੈਂਕਾਂ ਦੀਆਂ ਬਰਾਂਚਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ| ਇਸੇ ਤਰ੍ਹਾਂ ਕਿਸਾਨ-ਮਜ਼ਦੂਰ ਆਗੂਆਂ ’ਤੇ ਦਰਜ ਕੇਸਾਂ ਵਿੱਚੋਂ ਰੱਦ ਕੀਤੇ 13 ਕੇਸਾਂ ਦੀ ਸੂਚੀ ਆਗੂਆਂ ਨੂੰ ਦੇ ਦਿੱਤੀ ਗਈ ਹੈ ਤੇ ਬਾਕੀ ਕੇਸ ਵੀ ਜਲਦੀ ਹੀ ਰੱਦ ਕਰ ਦਿੱਤੇ ਜਾਣਗੇ| ਡੀਸੀ ਦੇ ਇਸ ਐਲਾਨ ਤੋਂ ਬਾਅਦ ਕਿਸਾਨ-ਮਜ਼ਦੂਰ ਆਗੂਆਂ ਨੇ ਹਾਲ ਦੀ ਘੜੀ ਡੀਸੀ ਦਫਤਰ ਦਾ ਘਿਰਾਓ ਖ਼ਤਮ ਕਰ ਦਿੱਤਾ ਹੈ ਪਰ ਖੁਦਕਸ਼ੀ ਮਾਮਲੇ ਵਿੱਚ ਮੁਕੰਮਲ ਇਨਸਾਫ ਮਿਲਣ, ਨਰਮੇ ਦੇ ਖਰਾਬੇ ਦੇ ਮੁਆਵਜ਼ੇ ਦੀ ਮੁਕੰਮਲ ਵੰਡ ਅਤੇ ਪੁਲੀਸ ਕੇਸਾਂ ਦੇ ਮੁਕੰਮਲ ਖਾਤਮੇ ਤੱਕ ਡੀਸੀ ਦਫਤਰ ਮੂਹਰੇ ਅਣਮਿੱਥੇ ਸਮੇਂ ਦਾ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ ਹੈ| ਉੱਧਰ, ਪ੍ਰਸ਼ਾਸਨ ਨੇ ਅੱਜ ਧਰਨੇ ਵਾਲੀ ਥਾਂ ’ਤੇ ਆਰਜ਼ੀ ਪਖਾਨਿਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਹੈ।