ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਅਗਸਤ
ਕੇਂਦਰੀ ਨੀਤੀ ਆਯੋਗ ਵੱਲੋਂ ਲੰਘੇ ਵਿਸਵ ਵਾਤਾਵਰਣ ਦਿਵਸ ਉੱਤੇ 100 ਕਰੋੜ ਪੌਦੇ ਲਗਾਉਣ ਦੇ ਪਾਇਲਟ ਪ੍ਰਾਜੈਕਟ ਲਈ ਝਾਰਖੰਡ ਸੂਬੇ ਵਿੱਚ ਰਾਂਚੀ ਤੇ ਪੰਜਾਬ ਵਿੱਚੋਂ ਮੋਗਾ ਜ਼ਿਲ੍ਹੇ ਦੀ ਚੋਣ ਕੀਤੀ ਗਈ ਸੀ। ਇਹ ਪ੍ਰਾਜੈਕਟ ਦੇਸ਼ ਭਰ ਦੇ 112 ਉਤਸ਼ਾਹੀ ਜ਼ਿਲ੍ਹਿਆਂ ਵਿੱਚ ਸ਼ੁਰੂ ਕਰਨ ਦੀ ਯੋਜਨਾ ਹੈ। ਇਥੇ ਕੌਮਾਂਤਰੀ ਪੱਧਰ ਦੀ ਬਹੁਮੰਤਵੀ ਨੈਸਲੇ ਫ਼ੈਕਟਰੀ ਦੇ ਰਿਹਾਇਸ਼ੀ ਕੰਪਾਊਂਡ ਵਿੱਚ 3100 ਫੁੱਲ, ਫ਼ਲਦਾਰ ਅਤੇ ਛਾਂਦਾਰ ਸਭ ਕਿਸਮਾਂ ਦੇ ਪੌਦੇ ਲਗਾਉਣ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕੀਤੀ। ਇਸ ਮੌਕੇ ਏਡੀਸੀ(ਜ) ਹਰਚਰਨ ਸਿੰਘ,ਐੱਸਡੀਐੱਮ ਸਤਵੰਤ ਸਿੰਘ, ਡਾਇਰੈਕਟਰ ਟੈਕਨੀਕਲ ਐਂਡ ਹੈੱਡ ਨੈਸਲੇ ਫੈਕਟਰੀ ਮੋਗਾ ਸਟੇਨਲੀ ਓਮਨ, ਕਾਰਪੋਰੇਟ ਮਾਮਲੇ ਤੋਂ ਹਰਵਿੰਦਰ ਸਿੰਘ, ਜਸਪਾਲ ਸਿੰਘ ਸਿੱਧੂ ਮੌਜੂਦ ਸਨ। ਇਸ ਮੌਕੇ ਡੀਸੀ ਹੰਸ ਨੇ ਦੱਸਿਆ ਕਿ ਵਰਲਡ ਇਕਨੋਮਿਕ ਫੋਰਮ ਦੇ ਉਪਰਾਲੇ ਵਜੋਂ ਭਾਰਤ ਵਿੱਚ ਲਗਾਏ ਜਾਣ ਵਾਲੇ ਇਨ੍ਹਾਂ 100 ਕਰੋੜ ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਨੇ ਨਵੀਂ ਮੁੰਬਈ ਹੱਬ ਆਫ਼ ਗਲੋਬਲ ਸੇਪਰਜ ਕਮਿਊਨਿਟੀ ਨਾਲ ਸਮਝੌਤਾ ਕੀਤਾ ਹੈ। ਜਿਲ੍ਹਿਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲੈ ਜਾ ਰਿਹਾ ਹੈ।