ਪੱਤਰ ਪ੍ਰੇਰਕ
ਮਾਨਸਾ, 9 ਮਈ
ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਸ਼ਹਿਰ ਤੋਂ ਡੀਸੀ ਦੇ ਘਰ ਨੂੰ ਜਾਂਦੇ ਰਸਤੇ ’ਤੇ ਦਿਨ ਰਾਤ ਦਾ ਧਰਨਾ ਦਿੱਤਾ ਗਿਆ ਤੇ ਦਫ਼ਤਰ ਨੂੰ ਜਿੰਦਾ ਲਾ ਦਿੱਤਾ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਉਚ ਅਧਿਕਾਰੀਆਂ ਦੀ ਮਨਮਾਨੀ ਅਨੁਸਾਰ ਜ਼ਿਲ੍ਹਾ ਪਰਿਸ਼ਦ ਨਾਲ ਸਬੰਧਤ ਅਧਿਕਾਰੀ ਪ੍ਰੀਸ਼ਦ ਦੀ ਮੀਟਿੰਗ ਨਾ ਹੋਣ ਦੇਣ ਲਈ ਕਾਰਵਾਈ ਰਜਿਸਟਰ ਸਣੇ ਗਾਇਬ ਹੋ ਗਏ ਹਨ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਉਚ ਅਧਿਕਾਰੀ ਕਾਰਵਾਈ ਰਜਿਸਟਰ ਲੈ ਕੇ ਨਹੀਂ ਪਹੁੰਚਦੇ, ਉਨਾਂ ਚਿਰ ਤੱਕ ਜ਼ਿਲ੍ਹਾ ਪਰਿਸ਼ਦ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਹਰ-ਰੋਜ਼ ਮੁੱਖ ਮਾਰਗ ’ਤੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।
ਜ਼ਿਲ੍ਹਾ ਕਾਂਗਰਸ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ਨੂੰ ਮਿਲਣ ਵਾਲੇ ਸਾਰੇ ਵਿਕਾਸ ਫੰਡ ਰੋਕ ਲਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਜੋ ਕੇਂਦਰ ਸਰਕਾਰ ਤੇ ਪਹਿਲਾਂ ਤੋਂ ਜੋ ਫੰਡ ਮੌਜੂਦ ਹਨ, ਉਨ੍ਹਾਂ ਦਾ ਵੀ ਵਿਕਾਸ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪਰਿਸ਼ਦ ਦੀ ਵਿਕਾਸ ਕਾਰਜਾਂ ਨੂੰ ਲੈ ਕੇ ਇੱਕ ਸਾਂਝੀ ਮੀਟਿੰਗ ਰੱਖੀ ਹੋਈ ਸੀ, ਜਿਸ ਵਿੱਚ ਅਧਿਕਾਰੀਆਂ ਨੂੰ ਕਾਰਵਾਈ ਰਜਿਸਟਰ ਲੈ ਕੇ ਪਹੁੰਚਣ ਲਈ ਕਿਹਾ ਗਿਆ ਸੀ, ਪਰ ਮੀਟਿੰਗ ’ਚ ਆਉਣ ਦੀ ਬਜਾਏ ਉਹ ਦਫ਼ਤਰ ਛੱਡ ਕੇ ਹੀ ਨਿਕਲ ਗਏ।