ਲਖਵੀਰ ਸਿੰਘ ਚੀਮਾ
ਟੱਲੇਵਾਲ, 30 ਮਾਰਚ
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨ ਅੰਦੋਲਨ 4 ਮਹੀਨੇ ਪੂਰੇ ਕਰ ਗਿਆ ਹੈ। ਇਸ ਦੌਰਾਨ ਕਿਸਾਨਾਂ ਲਈ ਵੱਡੀ ਚੁਣੌਤੀ ਕਣਕ ਦੀ ਵਾਢੀ ਦੀ ਹੈ। ਕਿਉਂਕਿ ਸੰਘਰਸ਼ ਜਾਰੀ ਰੱਖਣ ਦੇ ਨਾਲ ਨਾਲ ਕਣਕ ਦੀ ਵਾਢੀ ਕਿਸਾਨਾਂ ਲਈ ਜ਼ਰੂਰੀ ਹੈ। ਇਸ ਲਈ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਪਿੰਡਾਂ ’ਚ ਕਿਸਾਨਾਂ ਨੇ ਮੋਰਚੇ ਸੰਭਾਲ ਲਏ ਹਨ। ਬਰਨਾਲਾ ਜ਼ਿਲੇ ਦੇ ਪਿੰਡਾਂ ’ਚ ਕਿਸਾਨਾਂ ਵੱਲੋਂ ਦਿੱਲੀ ਮੋਰਚਿਆਂ ’ਚ ਬੈਠੇ ਕਿਸਾਨਾਂ ਦੀਆਂ ਫ਼ਸਲਾਂ ਦੀ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਲਈ ਸ਼ੁਰੂਆਤ ਸਰ੍ਹੋਂ ਦੀ ਫ਼ਸਲ ਤੋਂ ਹੋਣ ਲੱਗੀ ਹੈ।
ਪਿੰਡ ਭੋਤਨਾ ’ਚ ਭਾਕਿਯੂ ਉਗਰਾਹਾਂ ਦੀ ਅਗਵਾਈ ’ਚ ਫ਼ਸਲ ਸੰਭਾਲ ਇਕਜੁੱਟਤਾ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਤਹਿਤ ਅੱਜ ਦਿੱਲੀ ਬੈਠੇ ਕਿਸਾਨਾਂ ਦੀ ਸਰ੍ਹੋਂ ਦੀ ਫ਼ਸਲ ਵੱਢੀ ਗਈ। ਕਿਸਾਨ ਆਗੂ ਗੁਰਨਾਮ ਸਿੰਘ ਫ਼ੌਜੀ ਨੇ ਦੱਸਿਆ ਕਿ ਜਗਸੀਰ ਸਿੰਘ ਕਿਸਾਨ ਦਿੱਲੀ ਮੋਰਚੇ ’ਚ 25 ਦਿਨਾਂ ਤੋਂ ਸ਼ਾਮਲ ਹੈ। ਜਿਸਦੀ ਸਰ੍ਹੋਂ ਪਿੰਡ ਦੇ ਨੌਜਵਾਨਾਂ ਕਿਸਾਨਾਂ ਵੱਲੋਂ ਮਿਲ ਕੇ ਵੱਢੀ ਗਈ ਹੈ। ਮੋਰਚੇ ’ਤੇ ਬੈਠੇ ਹਰ ਕਿਸਾਨ ਦੀ ਸਰ੍ਹੋਂ, ਕਣਕ ਵੱਢਣ ਤੋਂ ਲੈ ਕੇ ਤੂੜੀ ਸੰਭਾਲਣ, ਕਣਕ ਢੋਲਾਂ ’ਚ ਪਾਉਣ ਤੱਕ ਸਾਰਾ ਕੰਮ ਪਿੰਡ ਦੇ ਕਿਸਾਨਾਂ ਵੱਲੋਂ ਨਿਪਟਾਇਆ ਜਾਵੇਗਾ। ਪਿੰਡ ਚੀਮਾ ਦੇ ਭਾਕਿਯੂ ਡਕੌਂਦਾ ਦੇ ਆਗੂ ਬਲੰਵਤ ਸਿੰਘ ਨੇ ਕਿਹਾ ਕਿ ਦਿੱਲੀ ’ਚ ਗਏ ਟਰੈਕਟਰ-ਟਰਾਲੀਆਂ ਵੀ ਪੰਜਾਬ ਲਿਆਉਣ ਦੀ ਲੋੜ ਨਹੀਂ ਹੈ। ਕਿਸਾਨ ਵਾਰੀ ਅਨੁਸਾਰ ਮੋਰਚੇ ’ਚ ਹਾਜ਼ਰ ਹਰ ਕਿਸਾਨ ਦੀ ਫ਼ਸਲ ਸੰਭਾਲਣਗੇ।
ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਸਰਕਾਰ ਨੂੰ ਵਹਿਮ ਹੈ ਕਿ ਕਿਸਾਨ ਕਣਕ ਦੀ ਵਾਢੀ ਕਰਨ ਘਰਾਂ ਨੂੰ ਪਰਤ ਜਾਣਗੇ। ਜਿਸ ਤਰ੍ਹਾਂ ਦਿੱਲੀ ਗਏ ਕਿਸਾਨਾਂ ਦੀ ਕਣਕ ਦੀ ਬਿਜਾਈ ਤੇ ਸੰਭਾਲ ਪਿੰਡਾਂ ਦੇ ਕਿਸਾਨਾਂ ਵੱਲੋਂ ਕੀਤੀ ਗਈ ਹੈ, ਉਸੇ ਤਰ੍ਹਾਂ ਕਣਕ ਦੀ ਵਾਢੀ ਕਰਨ, ਫ਼ਸਲ ਵੇਚਣ ਤੋਂ ਲੈ ਤੂੜੀ ਸੰਭਾਲਣ ਦੇ ਕੰਮ ਲਈ ਪਿੰਡਾਂ ਵਿੱਚ ਡਿਊਟੀਆਂ ਲਗਾਈਆਂ ਗਈਆਂ ਹਨ। ਆਉਣ ਵਾਲੇ ਸਮੇਂ ਵਿੱਚ ਕਿਸਾਨ ਝੋਨੇ ਦੀ ਫ਼ਸਲ ਦਾ ਕੰਮ ਵੀ ਮਿਲ ਕੇ ਨਿਪਟਾਉਣਗੇ। ਮੋਦੀ ਸਰਕਾਰ ਦੇ ਹਰ ਹਥਕੰਡੇ ਦਾ ਮੂੰਹ ਤੋੜਵਾਂ ਜਵਾਬ ਦੇ ਕੇ ਖੇਤੀ ਕਾਨੂੰਨ ਰੱਦ ਕਰਵਾਏ ਜਾਣਗੇ।