ਨਵਕਿਰਨ ਸਿੰਘ
ਮਹਿਲ ਕਲਾਂ, 29 ਜੁਲਾਈ
ਕਰੋਨਾਵਾਇਰਸ ਕਾਰਨ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲ ਮਹਿਲ ਕਲਾਂ ਤੋਂ ਓਪੀਡੀ ਅਤੇ ਇਨਡੋਰ ਸੇਵਾਵਾਂ ਸੀਐੱਚਸੀ ਚੰਨਣਵਾਲ ਵਿੱਚ ਤਬਦੀਲ ਕੀਤੇ ਜਾਣ ਖ਼ਿਲਾਫ਼ ਮਹਿਲ ਕਲਾਂ ਦੇ ਲੋਕਾਂ ਨੇ ਰੋਸ ਜ਼ਾਹਿਰ ਕੀਤਾ ਹੈ। ਹਸਪਤਾਲ ਸੁਧਾਰ ਕਮੇਟੀ ਦੀ ਅਗਵਾਈ ਹੇਠ ਕਸਬੇ ਦੇ ਮੋਹਤਬਰਾਂ ਨੇ ਨਾਅਰੇਬਾਜ਼ੀ ਕਰਦਿਆ ਕਿਹਾ ਕਿ ਮਹਿਲ ਕਲਾਂ ਇੱਕ ਵੱਡਾ ਕਸਬਾ ਹੈ ਜਿੱਥੇ ਇਲਾਜ ਲਈ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕ ਆਉਂਦੇ ਹਨ ਪਰ ਸਰਕਾਰ ਇਸ ਤਰ੍ਹਾਂ ਦੇ ਫ਼ੈਸਲੇ ਨਾਲ ਲੋਕਾਂ ਨੂੰ ਸਰਕਾਰੀ ਇਲਾਜ ਤੋਂ ਵਿਰਵੇ ਕਰ ਰਹੀ ਹੈ।
ਇਸ ਮੌਕੇ ਹਸਪਤਾਲ ਸੁਧਾਰ ਕਮੇਟੀ ਦੇ ਚੇਅਰਮੈਨ ਮਾਸਟਰ ਯਸ਼ਪਾਲ ਮਹਿਲ ਕਲਾਂ, ਉਪ ਚੇਅਰਮੈਨ ਸੁਖਦੇਵ ਸਿੰਘ ਧਨੇਰ, ਤੇਜਿੰਦਰਦੇਵ ਸਿੰਘ, ਗੁਰਪ੍ਰੀਤ ਸਿੰਘ ਅਣਖੀ, ਗੁਰਦੀਪ ਸਿੰਘ ਸੋਢਾ ਤੇ ਸਰਬਜੀਤ ਸਿੰਘ ਸਰਬੀ ਨੇ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੇ ਨਾਲ-ਨਾਲ ਆਮ ਲੋਕਾਂ ਦਾ ਵੀ ਪਹਿਲਾਂ ਦੀ ਤਰ੍ਹਾਂ ਇਲਾਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲ ਕਲਾਂ ਦੋ ਗਰਾਮ ਪੰਚਾਇਤਾਂ ਵਾਲਾ ਇਲਾਕੇ ਦਾ ਇੱਕ ਵੱਡਾ ਪਿੰਡ ਹੈ ਤੇ ਇਹ ਪਿੰਡ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਹੋਣ ਕਾਰਨ ਇੱਥੇ ਇਲਾਜ ਲਈ ਆਸ-ਪਾਸ ਦੇ ਪਿੰਡਾਂ ਤੋਂ ਵੀ ਰੋਜ਼ਾਨਾ ਵੱਡੀ ਗਿਣਤੀ ਲੋਕ ਆਉਂਦੇ ਹਨ ਪਰ ਹੁਣ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਨਿਰਾਸ਼ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੋਹਤਬਰਾਂ ਨੇ ਦੱਸਿਆ ਕਿ ਜਿਸ ਸੀਐੱਚਸੀ ਚੰਨਣਵਾਲ ਵਿੱਚ ਮਰੀਜਾਂ ਨੂੰ ਓਪੀਡੀ ਤੇ ਇਨਡੋਰ ਸੇਵਾਵਾਂ ਮੁਹੱਈਆ ਕਰਨ ਬਾਰੇ ਕਿਹਾ ਜਾ ਰਿਹਾ ਹੈ ਉਸ ਸਿਹਤ ਕੇਂਦਰ ਵੱਲ ਕੋਈ ਸਾਧਨ ਵੀ ਨਹੀਂ ਜਾਂਦਾ ਹੈ ਇਸ ਲਈ ਗਰੀਬ ਲੋਕ ਬਿਨਾਂ ਬੱਸ/ਆਟੋ ਸਰਵਿਸ ਤੋਂ ਇਲਾਜ ਲਈ ਆਉਣ-ਜਾਣ ਸਮੇਂ ਖੱਜਲ ਖੁਆਰ ਹੋਣਗੇ।
ਕਰੋਨਾ ਦੇ ਮੱਦੇਨਜ਼ਰ ਵਿਭਾਗ ਨੇ ਲਿਆ ਫ਼ੈਸਲਾ: ਐੱਸਐੱਮਓ
ਉੱਧਰ, ਮਹਿਲਾ ਕਲਾਂ ਤੋਂ ਓਪੀਡੀ ਸੇਵਾਵਾਂ ਤਬਦੀਲ ਕੀਤੇ ਜਾਣ ਸਬੰਧੀ ਮਹਿਲ ਕਲਾਂ ਦੇ ਐੱਸਐੱਮਓ ਡਾ. ਹਰਜਿੰਦਰ ਸਿੰਘ ਆਂਡਲੂ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਵਧ ਰਹੇ ਕੇਸਾਂ ਦੀ ਗਿਣਤੀ ਕਾਰਨ ਹੀ ਇਹ ਫੈਸਲਾ ਵਿਭਾਗ ਵੱਲੋਂ ਲਿਆ ਗਿਆ ਹੈ।