ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ
ਸ੍ਰੀ ਤਰਨਤਾਰਨ ਤੋਂ ਬਾਅਦ ਸਭ ਤੋਂ ਵੱਡੇ ਗੁਰੂ ਗੋਬਿੰਦ ਸਿੰਘ ਅਤੇ ਚਾਲੀ ਮੁਕਤਿਆਂ ਨਾਲ ਸਬੰਧਤ ਸ੍ਰੀ ਦਰਬਾਰ ਸਾਹਿਬ ਮੁਕਤਸਰ ਦੇ ਵਿਸ਼ਾਲ ਸਰੋਵਰ ਲਈ ਪਾਣੀ ਦੀ ਨਹਿਰੀ ਸਪਲਾਈ ਪਿਛਲੇ ਕਾਫੀ ਸਮੇਂ ਤੋਂ ਬੰਦ ਹੈ। ਦਰਬਾਰ ਸਾਹਿਬ ਪ੍ਰਬੰਧਕਾਂ ਵੱਲੋਂ ਟਿਊਬਵੈੱਲ ਰਾਹੀਂ ਪਾਣੀ ਪਾਉਣ ਦਾ ਆਰਜ਼ੀ ਹੱਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਰੋਵਰ ਨੂੰ ਪਾਣੀ ਦੀ ਸਪਲਾਈ ਦੇਣ ਵਾਲੀ ਹੰਸਲੀ (ਪਾਈਪ ਲਾਈਨ) ਨੂੰ ਜੰਗਾਲ ਲੱਗਣ ਕਰਕੇ ਪਿਛਲੇ ਕਾਫੀ ਸਮੇਂ ਤੋਂ ਬੰਦ ਹੈ। ਹਾਲਾਂਕਿ 14 ਜਨਵਰੀ 2020 ਨੂੰ ਮੇਲਾ ਮਾਘੀ ਮੌਕੇ ਆਏ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹੰਸਲੀ ਵਾਸਤੇ ਪੰਜਾਬ ਸਰਕਾਰ ਪਾਸੋਂ ਪੈਸੇ ਦਿਵਾਉਣ ਦਾ ਵਾਅਦਾ ਕੀਤਾ ਸੀ ਤੇ 17 ਜਨਵਰੀ ਨੂੰ ਮੁੱਖ ਮੰਤਰੀ ਵੱਲੋਂ ਵਿੱਤ ਵਿਭਾਗ ਨੂੰ 85 ਲੱਖ ਰੁਪਏ ਜਾਰੀ ਕਰਨ ਤੇ ਹੁਕਮ ਦਿੱਤੇ ਸਨ। ਪਰ ਅਜੇ ਤੱਕ ਇਹ ਪੈਸੇ ਨਹੀਂ ਆਏ ਜਿਸ ਕਰਕੇ ਹੰਸਲੀ ਦਾ ਕੰਮ ਸ਼ੁਰੂ ਨਹੀਂ ਹੋਇਆ। ਇਸ ਦੌਰਾਨ ਸ਼ਹਿਰ ਦੀਆਂ ਕਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸ੍ਰੀ ਹੇਮਕੁੰਟ ਲੰਗਰ ਸੇਵਾ ਸੁਸਾਇਟੀ, ਚੌਂਕੀ ਜਥਾ ਪ੍ਰਭਾਤ ਫੇਰੀ ਸੰਗਤ ਤੇ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੂੰ ਮੰਗ ਪੱਤਰ ਦੇ ਕੇ ਸਰੋਵਰ ਲਈ ਨਹਿਰੀ ਪਾਣੀ ਦੀ ਸਪਲਾਈ ਦੁਬਾਰਾ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ। ਹਨੀ ਫੱਤਣਵਾਲਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਰਕੇ ਇਸ ਕੰਮ ਲਈ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ।