ਪਰਮਜੀਤ ਸਿੰਘ
ਫਾਜ਼ਿਲਕਾ,13 ਨਵੰਬਰ
ਡੀਏਪੀ ਖਾਦ ਦੀ ਕਿੱਲਤ ਦੇ ਚਲਦਿਆਂ ਅੱਜ ਇੱਥੇ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਕਿਸਾਨਾਂ ਦੀ ਭੀੜ ਵੇਖਣ ਨੂੰ ਮਿਲੀ। ਇਸ ਮੌਕੇ ਕਿਸਾਨ ਹਰਮੇਸ਼ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਦੁਕਾਨ ਅੱਗੇ ਡੀਏਪੀ ਖਾਦ ਲੈਣ ਲਈ ਖੜ੍ਹੇ ਹਨ,ਪਰ ਉਨ੍ਹਾਂ ਨੂੰ ਉਨ੍ਹਾਂ ਦੀ ਮੰਗ ਮੁਤਾਬਕ ਖਾਦ ਨਹੀਂ ਮਿਲ ਰਹੀ। ਕਿਸਾਨਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਖਾਦ ਲੈਣ ਲਈ ਇਕ ਪਾਸੇ ਕਤਾਰਾਂ ਵਿੱਚ ਖੜ੍ਹੇ ਹਨ ਅਤੇ ਦੂਜੇ ਪਾਸੇ ਆਪਣੀ ਪਹੁੰਚ ਵਾਲੇ ਕੁੱਝ ਲੋਕ ਸਿੱਧਾ ਹੀ ਅੰਦਰੋਂ ਅੰਦਰੀ ਖਾਦ ਲੈ ਕੇ ਜਾ ਰਹੇ ਹਨ। ਇਸ ਕਾਰਨ ਉਹ ਸਵੇਰ ਤੋਂ ਇੱਥੇ ਹੀ ਖਾਦ ਮਿਲਣ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਕਿਸਾਨ ਆਗੂਆਂ ਸੁਖਵੀਰ ਸਿੰਘ, ਓਮ ਪ੍ਰਕਾਸ਼, ਨਿਰਵੰਤ ਸਿੰਘ ਖਾਲਸਾ ਨੇ ਡੀਏਪੀ ਖਾਦ ਦੀ ਕਿੱਲਤ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਸ ਵਿਚ ਦੋਨਾਂ ਸਰਕਾਰਾਂ ਦੀ ਨਕਾਮੀ ਹੈ। ਉਧਰ ਖੇਤੀਬਾੜੀ ਅਧਿਕਾਰੀ ਭੁਪਿੰਦਰ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਆ ਰਹੀ ਡੀਏਪੀ ਖਾਦ ਦੀ ਕਮੀ ਦਾ ਜਲਦੀ ਤੋਂ ਜਲਦੀ ਹੱਲ ਕਰ ਲਿਆ ਜਾਏਗਾ।
ਡੀਏਪੀ ਦੀ ਕਿੱਲਤ ਬਰਕਰਾਰ, ਕਿਸਾਨਾਂ ਨੇ ਕੀਤਾ ਹਾਈਵੇਅ ਜਾਮ
ਮਲੋਟ(ਲਖਵਿੰਦਰ ਸਿੰਘ): ਡੀਏਪੀ ਖਾਦ ਨਾ ਮਿਲਣ ਕਰਕੇ ਰੋਹ ਵਿੱਚ ਆਏ ਕਿਸਾਨਾਂ ਨੇ ਅੱਜ ਮੁੜ ਤਿਕੋਣੀ ਚੌਕ ਮਲੋਟ ਵਿੱਚ ਜਾਮ ਲਗਾ ਦਿੱਤਾ ਅਤੇ ਮਾੜੇ ਪ੍ਰਬੰਧਾਂ ਖਿਲਾਫ ਨਾਅਰੇਬਾਜ਼ੀ ਕੀਤੀ, ਇਹ ਜਾਮ ਕਰੀਬ ਦੋ ਘੰਟੇ ਲੱਗਿਆ ਰਿਹਾ। ਇਸ ਮੌਕੇ ਹਾਜ਼ਰ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਗੁਰਮੇਲ ਸਿੰਘ, ਪਰਗਟ ਸਿੰਘ, ਗੁਰਭੇਜ ਸਿੰਘ, ਅਮਰੀਕ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਦੇ ਬੈਠੇ ਹਨ, ਪਰ ਉਨ੍ਹਾਂ ਨੂੰ ਖਾਦ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਣਕ ਦੀ ਬਿਜਾਈ ਪਿਛੇਤੀ ਹੋ ਰਹੀ ਹੈ, ਉਤੋਂ ਨਹਿਰਬੰਦੀ ਦਾ ਸਮਾਂ ਵੀ ਨੇੜੇ ਆ ਰਿਹਾ ਹੈ। ਇਸ ਦੌਰਾਨ ਥਾਣਾ ਇੰਚਾਰਜ ਸੰਜੀਵ ਕੁਮਾਰ ਅਤੇ ਖੇਤੀਬਾੜੀ ਅਧਿਕਾਰੀ ਮੌਕੇ ’ਤੇ ਪਹੁੰਚੇ , ਜਿਨ੍ਹਾਂ ਦੇ ਭਰੋਸੇ ਉਪਰੰਤ
ਕਿਸਾਨਾਂ ਲਈ ਡੀਲਰਾਂ ਦੀਆਂ ਦੁਕਾਨਾਂ ਬਣੀਆਂ ਰੈਣ ਬਸੇਰਾ
ਸਿਰਸਾ (ਪ੍ਰਭੂ ਦਿਆਲ): ਡੀਏਪੀ ਖਾਦ ਕਿਸਾਨਾਂ ਲਈ ਸਿਰ ਦਰਦ ਬਣ ਗਈ ਹੈ। ਪੰਜ ਥੈਲੇ ਖਾਦ ਲੈਣ ਲਈ ਜਿਥੇ ਕਿਸਾਨ ਰਾਤ ਖਾਦ ਡੀਲਰਾਂ ਦੀਆਂ ਦੁਕਾਨਾਂ ਅੱਗੇ ਗੁਜ਼ਾਰਨ ਲਈ ਮਜ਼ਬੂਰ ਹੋ ਰਹੇ ਹਨ ਉਥੇ ਹੀ ਔਰਤਾਂ ਨੂੰ ਘੰਟਿਆਂ ਬੱਧੀ ਕਤਾਰਾਂ ਵਿੱਚ ਖੜ੍ਹਾ ਹੋਣਾ ਪੈ ਰਿਹਾ ਹੈ। ਖਾਦ ਲੈਣ ਲਈ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਦੱਸਿਆ ਹੈ ਕਿ ਕਫੀ ਜੱਦੋਜਹਿਦ ਮਗਰੋਂ ਪਹਿਲਾਂ ਉਨ੍ਹਾਂ ਨੂੰ ਖਾਦ ਦੀ ਪਰਚੀ ਲੈਣ ਲਈ ਕਤਾਰ ’ਚ ਖੜ੍ਹਾ ਹੋਣਾ ਪੈਂਦਾ ਹੈ ਤੇ ਬਾਅਦ ਵਿੱਚ ਖਾਦ ਲਈ। ਉਨ੍ਹਾਂ ਦੱਸਿਆ ਕਿ ਦਸ ਨਵੰਬਰ ਨੂੰ ਮਿਲੀਆਂ ਪਰਚੀਆਂ ਦੀ ਅੱਜ ਖਾਦ ਮਿਲੀ ਹੈ, ਉਹ ਵੀ ਸਿਰਫ ਪੰਜ ਬੈਗ। ਕਿਸਾਨਾਂ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਨੂੰ 20-25 ਬੈਗ ਖਾਦ ਦੀ ਲੋੜ ਹੈ, ਉਹ ਕਿਸਾਨ ਪੰਜ ਬੈਗ ਖਾਦ ਨਾਲ ਬੀਜਾਈ ਕਿਵੇਂ ਕਰੇ। ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਇਹ ਵੀ ਨਹੀਂ ਦਸ ਰਹੇ ਹਨ ਕਿ ਕਿਸ ਦਿਨ ਕਿਸਾਨਾਂ ਨੂੰ ਖਾਦ ਮਿਲੇਗੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਲੋੜ ਮੁਤਾਬਕ ਸਾਰੇ ਕਿਸਾਨਾਂ ਨੂੰ ਖਾਦ ਮੁਹੱਈਆ ਨਾ ਕਰਵਾਈ ਗਈ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ।