ਜੋਗਿੰਦਰ ਸਿੰਘ ਮਾਨ
ਮਾਨਸਾ, 26 ਸਤੰਬਰ
ਪੰਜਾਬ ਵਿੱਚ ਪਿਛਲੇ ਚਾਰ ਦਿਨਾਂ ਤੋਂ ਮੀਂਹ ਨੇ ਝੋਨੇ ਦੀ ਫ਼ਸਲ, ਨਰਮਾ, ਸਬਜ਼ੀਆਂ ਅਤੇ ਹਰੇ-ਚਾਰੇ ਦਾ ਭਾਰੀ ਨੁਕਸਾਨ ਹੋਣ ਤੋਂ ਬਾਅਦ ਹੁਣ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨ ਲਈ ਉਪਰਾਲੇ ਆਰੰਭ ਕਰ ਦਿੱਤੇ ਗਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਘਿਰਾਓ ਕੀਤਾ ਗਿਆ ਅਤੇ ਮੀਂਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਤੁਰੰਤ ਪੂਰਤੀ ਲਈ ਸਰਕਾਰ ਨੂੰ ਪਿਛਲੀਆਂ ਹਕੂਮਤਾਂ ਵਾਂਗ ਲਮਕਾਉਣ ਦੀ ਥਾਂ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ। ਭਾਵੇਂ ਪ੍ਰਬੰਧਕੀ ਕੰਪਲੈਕਸ ਵਿੱਚ ਅੱਜ ਕੋਈ ਅਧਿਕਾਰੀ ਮੌਜੂਦ ਨਹੀਂ ਸੀ, ਪਰ ਜਥੇਬੰਦੀ ਵੱਲੋਂ ਅੜਕੇ ਇੱਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ।
ਕਿਸਾਨ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਲਗਾਤਾਰ ਬੇਮੌਸਮੀ ਬਾਰਿਸ਼ ਹੋਣ ਕਾਰਨ ਅਤੇ ਨਹਿਰਾਂ ਸੂਇਆਂ ਦੇ ਟੁੱਟਣ ਨਾਲ ਹਜ਼ਾਰਾਂ ਏਕੜ ਹਰਾ-ਚਾਰਾ, ਸਬਜ਼ੀਆਂ, ਨਰਮਾ ਅਤੇ ਝੋਨੇ ਦੀਆਂ ਫ਼ਸਲਾਂ ਨੀਵੇਂ ਥਾਵਾਂ ਵਿੱਚ ਬਰਬਾਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਵੱਲੋਂ ਨਰਮੇ ਦੀ ਫਸਲ ਤਬਾਹ ਕਰ ਦਿੱਤੀ ਗਈ ਸੀ ਅਤੇ ਸਰਕਾਰ ਦਾ ਗਿਰਦਾਵਰੀਆਂ ਕਰਵਾਉਣ ਦਾ ਐਲਾਨ ਵੀ ਊਠ ਦੇ ਬੁੱਲ ਵਾਂਗ ਲਮਕ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮੀਂਹਾਂ ਕਾਰਨ ਬਹੁਤ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਾਟਰ ਵਰਕਸਾਂ ਵਿੱਚ ਛੱਪੜਾਂ ਅਤੇ ਮੀਂਹ ਦਾ ਪਾਣੀ ਰਲ ਜਾਣ ਕਾਰਨ ਪੀਣ ਵਾਲਾ ਪਾਣੀ ਪੀਣਯੋਗ ਨਹੀਂ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ-ਮਜ਼ਦੂਰਾਂ ਦੇ ਢਹਿ ਚੁੱਕੇ ਘਰਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਮਜ਼ਦੂਰ ਆਪਣੇ ਘਰਾਂ ਦੀਆਂ ਛੱਤਾਂ ਦੁਆਰਾ ਪਾ ਸਕਣ ਅਤੇ ਵਾਟਰ ਵਰਕਸਾਂ ਦੇ ਡੱਗਾਂ ਵਿੱਚੋਂ ਮੀਂਹ ਵਾਲਾ ਪਾਣੀ ਕੱਢਕੇ ਸਾਫ਼ ਸੁਥਰਾ ਪਾਣੀ ਡੱਗਾਂ ਵਿੱਚ ਪਾ ਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।
ਮੀਂਹ ਦੇ ਪਾਣੀ ਵਿੱਚ ਡੁੱਬੇ ਜਲਘਰਾਂ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ
ਸਰਦੂਲਗੜ੍ਹ: ਭਾਰੀ ਬਰਸਾਤ ਕਾਰਨ ਬਹੁਤੇ ਪਿੰਡਾਂ ਦੇ ਜਲ ਘਰ ਪਾਣੀ ਵਿੱਚ ਡੁੱਬ ਗਏ ਹਨ ਜਿਸ ਕਾਰਨ ਪਾਣੀ ਦੀ ਸਪਲਾਈ ਠੱਪ ਹੋ ਚੁੱਕੀ ਹੈ। ਪਿੰਡ ਰਾਮਾਨੰਦੀ, ਫਤਿਹਪੁਰ, ਘੁਰਕਣੀ ਅਤੇ ਮੋਫਰ ਆਦਿ ਪਿੰਡਾਂ ਦੇ ਜਲ ਘਰ ਬਿਲਕੁਲ ਪਾਣੀ ਵਿੱਚ ਡੁੱਬ ਚੁੱਕੇ ਹਨ ਜਿਨ੍ਹਾਂ ਨੂੰ ਠੀਕ ਹੋਣ ਤੇ ਇਕ ਹਫ਼ਤੇ ਤੋਂ ਲੈ ਕੇ ਦਸ ਦਿਨ ਲੱਗ ਸਕਦੇ ਹਨ। ਇਸੇ ਤਰ੍ਹਾਂ ਪਿੰਡ ਸਾਹਨੇਵਾਲਾ, ਉੱਡਤ ਭਗਤ ਰਾਮ, ਲਾਲਿਆਂਵਾਲੀ ਆਦਿ ਪਿੰਡਾਂ ਦੇ ਜਲ ਘਰਾਂ ਦੇ ਪਾਣੀ ਸਟੋਰ ਟੈਂਕਾਂ ਵਿੱਚ ਪਿੰਡ ਦੇ ਛੱਪੜ ਅਤੇ ਪਿੰਡ ਦਾ ਨਿਕਾਸੀ ਦੂਸ਼ਿਤ ਪਾਣੀ ਮਿਲ ਜਾਣ ਕਾਰਨ ਮਹਿਕਮੇ ਵੱਲੋਂ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ਇੱਕ ਦਰਜਨ ਦੇ ਕਰੀਬ ਪਿੰਡਾਂ ਵਿੱਚ ਜਲ ਘਰਾਂ ਵੱਲੋਂ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੋ ਚੁੱਕੀ ਹੈ ਜਿਸ ਕਾਰਨ ਇਨ੍ਹਾਂ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐੱਸਡੀਓ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਬੇਮੌਸਮੀ ਲਗਾਤਾਰ ਪਈ ਬਰਸਾਤ ਕਾਰਨ ਨੀਵੇਂ ਜਲ ਘਰਾਂ ਵਿੱਚ ਪਾਣੀ ਭਰ ਜਾਣ ਕਾਰਨ ਇਹ ਦਿੱਕਤ ਆਈ ਹੈ। ਉਨ੍ਹਾਂ ਕਿਹਾ ਕਿ ਸਟੋਰ ਟੈਂਕਾਂ ਅਤੇ ਚੈਂਬਰ ਰੂਮਾਂ ਵਿੱਚ ਪਾਣੀ ਭਰ ਜਾਣ ਕਾਰਨ ਮਸ਼ੀਨਰੀ ਖੜ੍ਹ ਗਈ ਹੈਜਿਸ ਕਾਰਨ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਅੰਦਰ ਸਾਰੇ ਜਲਘਰਾਂ ’ਚੋਂ ਪਾਣੀ ਦੀ ਸਪਲਾਈ ਯਕੀਨੀ ਬਣਾ ਦਿੱਤੀ ਜਾਵੇਗੀ। – ਪੱਤਰ ਪ੍ਰੇਰਕ
ਚਾਰ ਦਿਨਾਂ ਤੋਂ ਖੜ੍ਹੇ ਮੀਂਹ ਦੇ ਪਾਣੀ ਕਾਰਨ ਡੀਸੀ ਨੇ ਲਾਈ ਕਲਾਸ
ਮਾਨਸਾ (ਪੱਤਰ ਪ੍ਰੇਰਕ): ਲਗਾਤਾਰ ਚਾਰ ਦਿਨਾਂ ਤੋਂ ਮੀਂਹਾਂ ਦਾ ਪਾਣੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜੇ ਵੀ ਖੜ੍ਹਾ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਬਲਦੀਪ ਕੌਰ ਅਧਿਕਾਰੀਆਂ ’ਤੇ ਤਿੱਖੇ ਤੇਵਰ ਦਿਖਾਉਂਦੇ ਨਜ਼ਰ ਆਏ। ਉਨ੍ਹਾਂ ਖੁਦ ਸ਼ਹਿਰ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰ ਕੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਸਖ਼ਤੀ ਨਾਲ ਆਦੇਸ਼ ਦਿੱਤੇ ਕਿ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਿਸੇ ਹਿੱਸੇ ਵਿੱਚ ਬਰਸਾਤੀ ਪਾਣੀ ਨਹੀਂ ਖੜ੍ਹਾ ਰਹਿਣਾ ਚਾਹੀਦਾ। ਦਿਲਚਸਪ ਗੱਲ ਹੈ ਕਿ ਭਾਰੀ ਮੀਂਹ ਕਾਰਨ ਡਿਪਟੀ ਕਮਿਸ਼ਨਰ ਦੇ ਘਰ ਦੇ ਨਾਲ ਵਾਲੀ ਵੱਡੀ ਸਰਕਾਰੀ ਕੰਧ ਵੀ ਡਿੱਗ ਪਈ, ਜਿਸ ਤੋਂ ਬਾਅਦ ਪਾਣੀ ਨੂੰ ਰੋਕਣ ਲਈ ਰੇਤ ਦੇ ਬੋਰੇ ਭਰ ਕੇ ਲਾਏ ਗਏ। ਡੀਸੀ ਦੀ ਰਿਹਾਇਸ਼ ਕੋਲ ਲਗਾਤਾਰ ਚੌਥੇ ਦਿਨ ਵੀ ਪਾਣੀ ਖੜ੍ਹਾ ਹੈ, ਜਿਸ ਵਿੱਚੋਂ ਦੋਪਹੀਆ ਵਾਹਨ ਲੰਘਾਉਣੇ ਅਜੇ ਵੀ ਮੁਸ਼ਕਲ ਹਨ। ਉਨ੍ਹਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵੀ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਸੋਕ ਪਿਟ ਬਣਾਏ ਜਾਣ ਤਾਂ ਜੋ ਮੀਂਹ ਦਾ ਪਾਣੀ ਇਨ੍ਹਾਂ ਵਿੱਚ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੇ ਹੱਲ ਲਈ ਤੁਰੰਤ ਯੋਗ ਪ੍ਰਬੰਧ ਕੀਤੇ ਜਾਣ। ਉਨ੍ਹਾਂ ਚੁਕੇਰੀਆਂ ਪਿੰਡ ਵਿੱਚ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਝੋਨੇ ਦੇ ਖੇਤਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਪਾਸੋਂ ਪ੍ਰਭਾਵਤ ਫ਼ਸਲ ਬਾਰੇ ਜਾਣਕਾਰੀ ਲਈ।
ਬੋਹਾ ਇਲਾਕੇ ਵਿੱਚ 70 ਫ਼ੀਸਦੀ ਫ਼ਸਲ ਨੁਕਸਾਨੀ
ਬੋਹਾ: ਭਾਰਤੀ ਕਿਸਾਨ ਯੂਨੀਅਨ ਯੂਨੀਅਨ (ਲੱਖੋਵਾਲ) ਦੇ ਕੌਮੀ ਮੀਤ ਪ੍ਰਧਾਨ ਬਾਬਾ ਪ੍ਰਸ਼ੋਤਮ ਸਿੰਘ ਗਿੱਲ ਤੇ ਜ਼ਿਲ੍ਹਾ ਜਨਰਲ ਸਕੱਤਰ ਜਸਕਰਨ ਸਿੰਘ ਸੇਰਖਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨ ਪਏ ਮੋਹਲੇਧਾਰ ਮੀਂਹ ਨੇ ਮਾਨਸਾ ਜ਼ਿਲ੍ਹੇ ਵਿੱਚ ਝੋਨੇ ਤੇ ਜ਼ੀਰੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਬੋਹਾ ਖੇਤਰ ਵਿੱਚ ਕਿਸਾਨਾਂ ਦੀ 70 ਫ਼ੀਸਦੀ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਉਡਤ ਸੈਦੇਵਾਲਾ ਵਿੱਚ ਲਗਭਗ 100 ਏਕੜ , ਸੇਰਖਾ ਵਾਲਾ ਵਿੱਚ 90 ਏਕੜ, ਮਲਕੋ ਵਿੱਚ 100 ਏਕੜ ਤੇ ਰਿਉਂਦ ਕਲਾਂ ਵਿੱਚ 110 ਤੇ ਬੋਹਾ ਵਿੱਚ 150 ਏਕੜ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਵੇ। – ਪੱਤਰ ਪ੍ਰੇਰਕ