ਖੇਤਰੀ ਪ੍ਰਤੀਨਿਧ
ਬਰਨਾਲਾ, 15 ਜੂਨ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਅਤੇ ਬੈਂਕਾਂ ਦੇ ਕਰਜ਼ਿਆਂ ਦੇ ਮੱਕੜ ਜਾਲ ‘ਚ ਫਸੀਆਂ ਪੇਂਡੂ ਤੇ ਸ਼ਹਿਰੀ ਦਲਿਤ ਗਰੀਬ ਔਰਤਾਂ ਤਿੱਖੜ ਦੁਪਹਿਰੇ ਸ਼ਹਿਰ ’ਚ ਕਰਜ਼ਾ ਮੁਕਤੀ ਮਾਰਚ ਕੱਢਿਆ। ਮਗਰੋਂ ਡੀ.ਸੀ. ਦਫ਼ਤਰ ਪੁੱਜ ਕੇ ਮੰਗ ਪੱਤਰ ਸੌਂਪਿਆ। ਮੋਰਚੇ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਮਹਾਮਾਰੀ ਦੇ ਮੱਦੇਨਜ਼ਰ ਲਗਾਏ ਗਏ ਲੌਕਡਾਊਨ ਦਾ ਸਭ ਤੋਂ ਵੱਡਾ ਨੁਕਸਾਨ ਮਜ਼ਦੂਰ ਵਰਗ ਦਾ ਹੋਇਆ ਹੈ। ਜੋ ਮਹੀਨਿਆਂ ਬੱਧੀ ਬੇਰੁਜ਼ਗਾਰੀ ਤੇ ਭੁੱਖ ਮਰੀ ਨਾਲ ਜੂਝਦੇ ਘਰਾਂ ਅੰਦਰ ਬੰਦ ਹਨ। ਦੂਸਰੇ ਪਾਸੇ ਸਰਕਾਰਾਂ, ਮੁੱਠੀ ਭਰ ਅਮੀਰਾਂ ਨੂੰ ਅਰਬਾਂ ਦੀਆਂ ਸਰਕਾਰੀ ਖ਼ਜ਼ਾਨੇ ‘ਚੋਂ ਰਿਆਇਤਾਂ ਵੰਡ ਰਹੀ ਹੈ। ਇੱਧਰ ਹਰ ਪੱਖ ਤੋਂ ਨਕਾਰੇ ਗਰੀਬਾਂ ਨੂੰ ਬੈਂਕਾਂ ਤੇ ਕੰਪਨੀਆਂ ਦੀਆਂ ਕਿਸਤਾਂ ਭਰਨ ਲਈ ਧਮਕਾਇਆ ਜਾ ਰਿਹਾ ਹੈ। ਆਗੂਆਂ ਮੰਗ ਕੀਤੀ ਕਿ ਅਮੀਰਾਂ ਕਾਰਪੋਰੇਟਸ ਦੀ ਤਰਜ਼ ਗਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕੀਤੇ ਜਾਣ। ਕਿਸ਼ਤਾਂ ਵਸੂਲੀ ‘ਤੇ ਪਾਬੰਦੀ ਲਗਾਈ ਜਾਵੇ। ਨਵੇਂ ਸਿਰਿਓਂ ਕੰਮ ਚਲਾਉਣ ਲਈ ਗਰੀਬ ਪਰਿਵਾਰਾਂ ਨੂੰ ਘੱਟੋ ਘੱਟ 1 ਲੱਖ ਦੀ ਲਿਮਟ ਬਣਾ ਕੇ ਘੱਟ ਵਿਆਜ਼ ‘ਤੇ ਕਰਜ਼ਾ ਦਿੱਤਾ ਜਾਵੇ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਨਾਂ ਡੀ.ਸੀ. ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਦੀ ਆਗੂਆਂ ਚਿਤਾਵਨੀ ਵੀ ਦਿੱਤੀ।
ਕਰਜ਼ਾ ਪੀੜਤ ਔਰਤਾਂ ਵੱਲੋਂ ਮੁਜ਼ਾਹਰਾ
ਰਾਮਪੁਰਾ ਫੂਲ (ਗੁਰਜੀਤ ਸਿੰਘ): ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਪਿੰਡ ਰਾਮਪੁਰਾ ਵਿੱਚ ਪ੍ਰਾਈਵੇਟ ਕਰਜ਼ੇ ਤੋਂ ਪੀੜਤ ਔਰਤਾਂ ਵੱਲੋਂ ਫਾਇਨਾਂਸ ਕੰਪਨੀਆਂ ਦੀ ਧੱਕੇਸ਼ਾਹੀ ਵਿਰੁੱਧ ਮੀਟਿੰਗ ਕੀਤੀ ਗਈ। ਇਸ ਮਗਰੋਂ ਪਿੰਡ ਵਿੱਚ ਮਾਰਚ ਕਰਕੇ ਜਬਰੀ ਕਿਸ਼ਤਾਂ ਲੈਣ ਵਾਲਿਆਂ ਦਾ ਪਿੰਡ ਵਿੱਚ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਮਜ਼ਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ, ਬਲਜੀਤ ਕੌਰ ਢਿੱਲੋਂ ਅਤੇ ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਜਵੰਦਾ ਅਤੇ ਦਰਸਨ ਸਿੰਘ ਪ੍ਰੀਤੀ ਮਾਨ ਨੇ ਕਿਹਾ ਕਿ ਖੇਤ ਮਜ਼ਦੂਰ ਅਤੇ ਕਿਸਾਨ ਔਰਤਾਂ ਨੇ ਫਾਈਨਾਸ਼ ਕੰਪਨੀਆਂ ਕੋਲੋਂ ਕਰਜ਼ਾ ਲਿਆ ਹੋਇਆ ਹੈ ਜਿਸ ਦੀਆਂ ਉਹ ਭਾਰੀ ਵਿਆਜ ਦਰਾਂ ਸਮੇਤ ਲਗਾਤਾਰ ਕਿਸ਼ਤਾਂ ਭਰਦੀਆਂ ਆ ਰਹੀਆਂ ਹਨ ਪਰ ਲੌਕਡਾਊਨ ਕਾਰਨ ਬੰਦ ਹੋਏ ਰੁਜ਼ਗਾਰ ਕਰਕੇ ਉਹ ਕਿਸ਼ਤਾਂ ਭਰਨ ਤੋਂ ਅਸਮਰੱਥ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਔਰਤਾਂ ਸਿਰ ਚੜ੍ਹੇ ਕਰਜ਼ਿਆਂ ਸਮੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਅਤੇ ਜਬਰੀ ਉਗਰਾਹੀ ਕਰਨ ਵਾਲੀਆਂ ਕੰਪਨੀਆਂ ‘ਤੇ ਕੇਸ ਦਰਜ ਕੀਤੇ ਜਾਣ।