ਕੁਲਦੀਪ ਸੂਦ
ਹੰਡਿਆਇਆ, 3 ਸਤੰਬਰ
ਕਸਬਾ ਹੰਡਿਆਇਆ ਦੇ ਦਲਿਤ ਸਮਾਜ ਦੇ ਕੁਝ ਪਰਿਵਾਰਾਂ ਨੇ ਜ਼ਿਲ੍ਹਾ ਪੁਲੀਸ ’ਤੇ ਦੋਸ਼ ਲਗਾਇਆ ਹੈ ਕਿ ਪਿੰਡ ਦੇ ਇਕ ਜ਼ਿੰਮੀਦਾਰ ਦਰਮਿਆਨ ਚੱਲ ਰਹੇ ਜ਼ਮੀਨੀ ਝਗੜੇ ਦੀ ਜਾਂਚ ਵਿੱਚ ਕਥਿਤ ਤੌਰ ’ਤੇ ਪੱਖਪਾਥੀ ਵਤੀਰਾ ਅਪਣਾਇਆ ਜਾ ਰਿਹਾ ਹੈ। ਦਲਿਤ ਸਮਾਜ ਦੀ ਆਗੂ ਚਰਨਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਹੰਡਿਆਇਆ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਡੀ.ਐੱਸ.ਪੀ. ਦਫ਼ਤਰ ਬਰਨਾਲਾ ਪਹੁੰਚ ਕੇ ਆਤਮਦਾਹ ਕਰ ਲਵੇਗੀ।
ਪੀੜਤ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਸਮੇਤ ਹੋਰਨਾਂ ਚਾਲੀ ਦੇ ਕਰੀਬ ਦਲਿਤ ਪਰਿਵਾਰਾਂ ਦੇ ਮੈਂਬਰਾਂ ਦੀ ਜ਼ਮੀਨ ਸਬੰਧੀ ਝਗੜਾ ਹੰਡਿਆਇਆ ਦਿਹਾਤੀ ਕੋਠੇ ਦੇ ਜ਼ਿੰਮੀਦਾਰ ਨਾਲ ਚੱਲ ਰਿਹਾ ਹੈ। ਉਸ ਨੇ ਕਾਫ਼ੀ ਸਮਾਂ ਪਹਿਲਾਂ ਸਾਡੇ ਸਕਿਆਂ (ਸ਼ਰੀਕੇ) ਵਾਲਿਆਂ ਤੋਂ ਜ਼ਮੀਨ ਖਰੀਦੀ ਸੀ ਤੇ ਜ਼ਮੀਨ ਬਠਿੰਡਾ-ਚੰਡੀਗੜ੍ਹ ਬਾਇਆ ਮੋਗਾ ਬਾਈਪਾਸ ਵਿੱਚ ਆ ਗਈ। ਉਸ ਦੀ ਖਰੀਦ ਕੀਤੀ ਜ਼ਮੀਨ ਸੜਕ ਵਿਚਕਾਰ ਨਹੀਂ ਆਉਣ ਦੇ ਬਾਵਜੂਦ ਉਸ ਨੇ ਇੱਕ ਕਰੋੜ ਰੁਪਏ ਤੋਂ ਵਧੇਰੇ ਦੇ ਚੈੱਕ ਵਸੂਲ ਲਏ। ਉਨ੍ਹਾਂ ਨੇ ਕਿਹਾ ਕਿ ਹੁਣ ਨਾ ਤਾਂ ਉਹ ਆਪਣੀ ਖਰੀਦ ਕੀਤੀ ਜ਼ਮੀਨ ਵਿਚੋਂ ਸਾਨੂੰ ਜ਼ਮੀਨ ਛੱਡ ਰਿਹੈ ਅਤੇ ਨਾ ਹੀ ਗਲਤ ਢੰਗ ਨਾਲ ਜ਼ਮੀਨ ਦੇ ਲਏ ਮੁਆਵਜ਼ੇ ਦੇ ਰੁਪਏ ਵਾਪਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿੰਮੀਦਾਰ ਆਪਣੀ ਖ਼ਰੀਦੀ ਜ਼ਮੀਨ ਦੀਆਂ ਰਜਿਸਟਰੀਆਂ ਤਾਂ ਵਿਖਾ ਰਿਹਾ ਹੈ, ਪਰ ਐਕੁਆਇਰ ਹੋਈ ਜ਼ਮੀਨ ਦਾ ਕੋਈ ਵੀ ਸਬੂਤ ਨਹੀਂ ਵਿਖਾ ਰਿਹਾ। ਇਸ ਕਥਿਤ ਧੋਖਾਧੜੀ ਸਬੰਧੀ ਸ਼ਿਕਾਇਤ ਡੀਐੱਸਪੀ (ਬਰਨਾਲਾ) ਸਤਵੀਰ ਸਿੰਘ ਬੈਂਸ ਕੋਲ ਚੱਲ ਰਹੀ ਸੀ ਜਿਨ੍ਹਾਂ ਨੇ ਕਥਿਤ ਤੌਰ ’ਤੇ ਬਿਨਾਂ ਕਾਗਜ਼ ਪੱਤਰ ਵੇਖਿਆਂ ਕਿਸਾਨ ਧਿਰ ਦਾ ਪੱਖ ਪੂਰਦਿਆਂ ਉਸ ਨੂੰ ਦਲਿਤ ਹੋਣ ਕਰਕੇ ਜ਼ਲੀਲ ਕਰਦਿਆਂ ਦਫ਼ਤਰ ਵਿਚੋਂ ਬਾਹਰ ਕੱਢ ਦਿੱਤਾ। ਇਸੇ ਦੌਰਾਨ ਇਲਾਕੇ ਦੀਆਂ ਦਲਿਤ ਜਥੇਬੰਦੀਆਂ ਨੇ ਇਨਸਾਫ ਨਾ ਮਿਲਣ ’ਤੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।
ਡੀਐੱਸਪੀ ਨੇ ਪੱਖਪਾਤ ਸਬੰਧੀ ਦੋਸ਼ਾਂ ਨੂੰ ਨਕਾਰਿਆ
ਇਸ ਮਾਮਲੇ ਬਾਰੇ ਡੀਐੱਸਪੀ ਸਤਵੀਰ ਸਿੰਘ ਬੈਂਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਕੋਲ ਕਾਫ਼ੀ ਦੇਰ ਤੋਂ ਚੱਲ ਰਿਹਾ ਹੈ। ਉਨ੍ਹਾਂ ਕੋਈ ਪੱਖਪਾਤੀ ਵਤੀਰਾ ਨਹੀਂ ਅਪਣਾਇਆ। ਜੇਕਰ ਸਬੰਧਤ ਧਿਰ ਨੂੰ ਉਨ੍ਹਾਂ ਦੇ ਫ਼ੈਸਲੇ ਉਪਰ ਕੋਈ ਸ਼ੱਕ ਹੈ ਤਾਂ ਇਸ ਦੀ ਜਾਂਚ ਕਿਸੇ ਹੋਰ ਉਚ ਅਧਿਕਾਰੀ ਤੋਂ ਕਰਵਾ ਸਕਦੇ ਹਨ।