ਸਾਇਕਲਿੰਗ, ਕਸਰਤ ਅਤੇ ਯੋਗ ਨੂੰ ਜੀਵਨ ਦਾ ਅੰਗ ਬਣਾਉਣਾ ਚਾਹੀਦੈ: ਏਐੱਸਪੀ ਮਨਿੰਦਰ
ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 24 ਅਕਤੂਬਰ
ਸਥਾਨਕ ਨੇਕੀ ਫਾਉਂਡੇਸ਼ਨ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਅਤੇ ਸਾਇਕਲਿੰਗ ਲਈ ਪ੍ਰੇਰਿਤ ਕਰਨ ਲਈ ਸ਼ਹਿਰ ’ਚ ਸਾਈਕਲੋਥਾਨ ਅਤੇ ਐਰੋਮਾਡਲਿੰਗ ਸ਼ੋਅ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਏਐੱਸਪੀ ਮਨਿੰਦਰ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਭਾਗ ਲਿਆ ਤੇ ਸਾਈਕਲ ਚਲਾ ਕੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਧਿਆਨ ਦੇਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਸਭ ਤੋਂ ਵੱਧ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਲਈ ਸਾਨੂੰ ਕਸਰਤਾਂ, ਸਾਇੰਕਲਿੰਗ, ਯੋਗ ਆਦਿ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਚਾਹੀਦਾ ਹੈ, ਤਾਂ ਜੋ ਸਾਡਾ ਸਰੀਰ ਤੰਦਰੁਸਤ ਅਤੇ ਬਿਮਾਰੀਆਂ ਤੋਂ ਮੁਕਤ ਰਹੇ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਉਨ੍ਹਾਂ ਵੱਲੋਂ ਸੰਸਥਾ ਦੇ ਚਾਰ ਸਾਲ ਪੂਰੇ ਹੋਣ ਉੱਤੇ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰੀ ਬਾਰਿਸ਼ ਦੇ ਬਾਵਜੂਦ ਵੀ 301 ਸਾਈਕਲ ਸਵਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ 13 ਕਿਲੋਮੀਟਰ ਤੋਂ ਵੱਧ ਦੂਰੀ ਪੂਰੀ ਕੀਤੀ, ਜਿਸ ਨੂੰ ਹਰੀ ਝੰਡੀ ਉਦਯੋਗਪਤੀ ਅਤੇ ਓਆਸਿਸ ਹੈਲਥ ਟੈਕ ਇੰਡੀਆ ਦੇ ਐਮਡੀ ਬਰਿੰਦਰ ਗਰਗ ਵੱਲੋਂ ਦਿਖਾਈ ਗਈ। ਸੰਸਥਾ ਮੈਬਰਾਂ ਮੁਤਾਬਕ ਇਸ ਈਵੈਂਟ ਵਿੱਚ ਪਹੁੰਚ ਚੰਡੀਗੜ੍ਹ ਤੋਂ ਐਰੋਮਾਡਲਿੰਗ ਇੰਸਟਰਕਟਰ ਦਾਮਨ ਜੋਈਆ ਦੀ ਅਗਵਾਈ ਵਾਲੀ ਟੀਮ ਵੱਲੋਂ ਦਿਖਾਏ ਗਏ ਐਰੋਮਾਡਲਿੰਗ ਸ਼ੋਅ ਨੇ ਬੱਚਿਆਂ ਸਮੇਤ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਅੰਤ ਵਿੱਚ ਨੇਕੀ ਟੀਮ ਵੱਲੋਂ ਸਾਰੇ ਹੀ ਪਤਵੰਤਿਆਂ, ਸਾਈਕਲ ਸਵਾਰਾਂ, ਵਿਦਿਆਰਥੀਆਂ, ਸਹਿਯੋਗੀਆ ਅਤੇ ਸਪੌਂਸਰਾਂ ਦਾ ਧੰਨਵਾਦ ਕੀਤਾ ਗਿਆ।
ਫੋਟੋ: ਏਐੱਸਪੀ ਮਨਿੰਦਰ ਦਾ ਸਨਮਾਨ ਕਰਦੇ ਹੋਏ ਨੇਕੀ ਟੀਮ ਮੈਂਬਰ।