ਕਿਸਾਨਾਂ ਦਾ ਆਰਥਿਕ ਲੱਕ ਟੁੱਟਿਆ; ਨੱਬੇ ਫ਼ੀਸਦੀ ਝੋਨੇ ਦੀ ਫ਼ਸਲ ਹੋਈ ਤਬਾਹ
ਪਰਮਜੀਤ ਸਿੰਘ
ਫਾਜ਼ਿਲਕਾ, 24 ਅਕਤੂਬਰ
ਪਿਛਲੇ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਪੰਜਾਬ ਹੀ ਨਹੀਂ ਦੇਸ਼ ਭਰ ਦਾ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਹਕੂਮਤ ਨਾਲ ਦੋ ਚਾਰ ਹੋ ਰਿਹਾ ਹੈ। ਆਰਥਿਕ ਤੰਗੀਆਂ ਕਾਰਨ ਪਹਿਲਾਂ ਹੀ ਕਿਸਾਨ ਖੁਦਕਸ਼ੀਆਂ ਦੇ ਰਾਹ ਪਏ ਹੋਏ ਹਨ। ਆਰਥਿਕ ਤੌਰ ’ਤੇ ਖੇਤੀ ਕਨੂੰਨਾਂ ਦੀਆਂ ਲੱਗੀਆਂ ਸੱਟਾਂ ਦੇ ਅਜੇ ਕਿਸਾਨਾਂ ਦੇ ਜ਼ਖ਼ਮ ਅੱਲ੍ਹੇ ਹੀ ਹਨ ਕਿ ਕੁਦਰਤ ਦੇ ਕਹਿਰ ਨੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਦਿੱਤਾ ਹੈ। ਬੀਤੀ ਰਾਤ ਪੰਜਾਬ ਭਰ ’ਚ ਪਏ ਮੀਂਹ ਨੇ ਜਿੱਥੇ ਕਿਸਾਨਾਂ ਨੂੰ ਮੰਡੀਆਂ ’ਚ ਰੁਲਣ ਲਈ ਤੇ ਝੋਨੇ ਦੀ ਫਸਲ ਨੂੰ ਖਰਾਬ ਕਰ ਦਿੱਤਾ ਹੈ। ਮੀਂਹ ਨਾਲ ਭਾਰੀ ਮਾਤਰਾ ’ਚ ਹੋਈ ਗੜੇਮਾਰੀ ਨੇ ਵੀ ਆਰਥਿਕ ਤੌਰ ਤੇ ਕਿਸਾਨਾਂ ਦੀ ਤਬਾਹੀ ਕਰ ਦਿੱਤੀ ਹੈ। ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਾਰਡਰ ਪੱਟੀ ਏਰੀਏ ਦੇ ਦਰਜਨਾਂ ਪਿੰਡਾਂ ’ਚ ਹਜ਼ਾਰਾਂ ਏਕੜ ਜ਼ਮੀਨ ’ਚ ਗੜੇ ਪੈਣ ਨਾਲ ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟ ਗਿਆ ਹੈ। ਪੰਜਾਬ ਕਿਸਾਨ ਸਭਾ ਦੇ ਆਗੂ ਕਾਮਰੇਡ ਸੁਰਿੰਦਰ ਢੰਡੀਆਂ, ਨਰਿੰਦਰ ਢਾਬਾਂ ਤੇ ਅਸ਼ੋਕ ਕੰਬੋਜ ਨੇ ਕਿਹਾ ਕਿ ਸਰਕਾਰਾਂ ਪਹਿਲਾਂ ਹੀ ਉਨ੍ਹਾਂ ’ਤੇ ਜ਼ੁਲਮ ਢਾਹ ਰਹੀਆਂ ਹਨ ਤੇ ਦੂਜਾ ਹੁਣ ਕੁਦਰਤ ਨੇ ਵੀ ਉਨ੍ਹਾਂ ’ਤੇ ਕਹਿਰ ਢਾਹ ਦਿੱਤਾ ਹੈ। ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੜੇਮਾਰੀ ਨਾਲ ਤਬਾਹ ਹੋਈ ਝੋਨੇ ਦੀ ਫਸਲ ਦੀ ਤੁਰੰਤ ਜਾਂਚ ਕਰ ਕੇ ਪ੍ਰਭਾਵਤ ਕਿਸਾਨਾਂ ਨੂੰ ਉਨ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ।
ਸਿਰਸਾ (ਪ੍ਰਭੂ ਦਿਆਲ) ਇਥੇ ਲੰਘੀ ਦੇਰ ਰਾਤ ਆਏ ਤੇਜ਼ ਝੱਖੜ ਤੇ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਈ ਥਾਈਂ ਝੋਨੇ ਦੀ ਪੱਕੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਤੇ ਖੇਤਾਂ ’ਚ ਪਾਣੀ ਭਰ ਗਿਆ ਹੈ। ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ ਹੈ। ਵੱਢੀ ਦਾ ਕੰਮ ਰੁੱਕ ਗਿਆ ਹੈ। ਕਿਸਾਨਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਤੇਜ਼ ਝੱਖੜ ਨਾਲ ਮੀਂਹ ਪੈਣ ਕਾਰਨ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਤੇਜ਼ ਝੱਖੜ ਕਾਰਨ ਜਿਥੇ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਉਥੇ ਹੀ ਪੱਕੀ ਫ਼ਸਲ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਕਈ ਦਿਨ ਵਾਢੀ ਦਾ ਕੰਮ ਪੱਛੜ ਗਿਆ ਹੈ। ਉਧਰ, ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਿਆ ਝੋਨਾ ਤੇ ਭਰੀਆਂ ਬੋਰੀਆਂ ਵੀ ਭਿੱਜ ਗਈਆਂ ਹਨ। ਮੀਂਹ ਕਾਰਨ ਸਰ੍ਹੋਂ ਦੀ ਬੀਜਾਈ ਦੇ ਕੰਮ ਨੂੰ ਵੀ ਪ੍ਰਭਾਵਿਤ ਹੋਇਆ ਹੈ। ਨਰਮੇ ਦੀ ਫ਼ਸਲ ’ਤੇ ਵੀ ਇਸ ਦਾ ਮਾੜਾ ਅਸਰ ਪਿਆ ਹੈ। ਕਿਸਾਨਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਤਪਾ ਮੰਡੀ (ਪੱਤਰ ਪ੍ਰੇਰਕ) ਬੇਮੌਸਮੀ ਬਰਸਾਤ ਨੇ ਝੋਨੇ ਦੀ ਖੇਤਾਂ ’ਚ ਖੜੀ ਫ਼ਸਲ ਤੇ ਮੰਡੀਆਂ ਅੰਦਰ ਢੇਰੀ ਕੀਤੀ ਜੀਰੀ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਹੈ। ਝੋਨੇ ਦੀਆਂ ਢੇਰੀਆਂ ਹੇਠਾਂ ਮੀਂਹ ਦਾ ਪਾਣੀ ਫਿਰ ਜਾਣ ਕਾਰਨ ਫਸਲ ਭਿੱਜ ਗਈ ਹੈ। ਮਾਰਕੀਟ ਕਮੇਟੀ ਤਪਾ ਅਧੀਨ ਆਉਂਦੇ ਮੁੱਖ ਯਾਰਡ ਅਤੇ ਖ਼ਰੀਦ ਕੇਂਦਰਾਂ ਵਿੱਚ ਵਿਕੀਆਂ ਜੀਰੀ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਬਹੁਤ ਜ਼ਿਆਦਾ ਨੁਕਸਾਨੇ ਗਏ ਹਨ। ਹਜ਼ਾਰਾਂ ਦੀ ਤਾਦਾਦ ਵਿਚ ਢੁਆਈ ਨਾ ਹੋਣ ਕਾਰਨ ਭਿੱਜੜ ਬਣ ਗਈਆਂ ਬੋਰੀਆਂ ਖ਼ਰਾਬ ਹੋ ਰਹੀਆਂ ਹਨ। ਮੌੜ ਨਾਭਾ, ਦਰਾਜ, ਪੱਖੋ ਕਲਾਂ, ਢਿੱਲਵਾਂ, ਘੁੰਨਸ ਤੇ ਮਹਿਤਾ ਮੰਡੀਆਂ ਵਿੱਚ ਝੋਨੇ ਦੀਆਂ ਢੇਰੀਆਂ ਨੂੰ ਢਕਣ ਦੇ ਢੁਕਵੇਂ ਪ੍ਰਬੰਧ ਨਹੀਂ। ਆੜ੍ਹਤੀਆਂ ਵੱਲੋਂ ਵੀ ਤਰਪਾਲਾਂ ਦੀ ਅਣਹੋਂਦ ਕਾਰਨ ਕਿਸਾਨਾਂ ਨੂੰ ਇਕੱਲੀ ਪ੍ਰੇਸ਼ਾਨੀ ਦਾ ਹੀ ਨਹੀਂ ਸਗੋਂ ਭਿੱਜੜ ਫ਼ਸਲ ਦੇ ਮਾਲੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਣਾ (ਪੱਤਰ ਪ੍ਰੇਰਕ) ਲੰਘੀ ਰਾਤ ਹੋਈ ਬਾਰਸ਼ ਨੇ ਜਿੱਥੇ ਠੰਢ ਦਾ ਅਹਿਸਾਸ ਕਰਵਾਇਆ ਹੈ, ਉੱਥੇ ਹੀ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਦਾ ਵੀ ਨੁਕਸਾਨ ਕੀਤਾ ਹੈ। ਇਸੇ ਦੌਰਾਨ ਮੀਂਹ ਕਾਰਨ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਬਿਜਲੀ ਸਪਲਾਈ ਵੀ ਬੰਦ ਰਹੀ। ਮੰਡੀਆਂ ਵਿੱਚ ਪਹਿਲਾ ਹੀ ਵੱਧ ਨਮੀ ਕਾਰਨ ਤੁਲਾਈ ਨਾ ਵਿੱਹੋਣ ਕਾਰਨ ਪਏ ਝੋਨੇ ਨੂੰ ਲੈ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਹੋਰ ਰੁਲਣਾ ਪਵੇਗਾ। ਠੰਢੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਬਾਰਸ਼ ਕਾਰਨ ਖਰੀਦ ਕੇਂਦਰ ਸ਼ਹਿਣਾ ਦੇ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ ਹੈ। ਕਿਸਾਨ ਬੂਟਾ ਸਿੰਘ ਨਾਈਵਾਲ ਅਤੇ ਬੂਟਾ ਸਿੰਘ ਰਹਿਲ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਪਹਿਲਾਂ ਹੀ ਕਈ ਦਿਨ ਮੰਡੀ ਵਿੱਚ ਲਗਾ ਕੇ ਝੋਨੇ ਦੀ ਨਮੀ ਘਟ ਕਰਨ ਲਈ ਸੁਕਾਇਆ ਗਿਆ ਸੀ ਪਰ ਹੁਣ ਮੀਂਹ ਕਾਰਨ ਝੋਨਾ ਫਿਰ ਗਿੱਲਾ ਹੋ ਗਿਆ ਹੈ।
ਕੈਪਸ਼ਨ: ਢੁਆਈ ਖੁਣੋਂ ਭਰੀਆਂ ਬੋਰੀਆਂ ’ਤੇ ਵਰ੍ਹ ਰਿਹਾ ਮੀਂਹ।- ਫੋਟੋ: ਮਾਰਕੰਡਾ
ਕੈਪਸ਼ਨ: ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਾਰਡਰ ਪੱਟੀ ਤੇ ਗੜੇਮਾਰੀ ਨਾਲ ਨੁਕਸਾਨੀ ਝੋਨੇ ਦੀ ਫ਼ਸਲ ਦੀਆਂ ਤਸਵੀਰਾਂ।