ਜੋਗਿੰਦਰ ਸਿੰਘ ਮਾਨ
ਮਾਨਸਾ, 30 ਮਈ
ਇਲਾਕੇ ਵਿੱਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਵਧੇ ਪਾਰੇ ਤੋਂ ਬਾਅਦ ਅੱਜ ਦੇਰ ਸ਼ਾਮ ਨੂੰ ਆਈ ਹਨ੍ਹੇਰੀ ਨੇ ਆਮ ਜਨ-ਜੀਵਨ ਅਸਥ-ਵਿਅਸਥ ਕਰ ਦਿੱਤਾ। ਇਸੇ ਦੌਰਾਨ ਰੇਤਾ ਅਸਮਾਨੀਂ ਚੜ੍ਹ ਗਿਆ। ਹਨ੍ਹੇਰੀ ਨੇ ਜਿੱਥੇ ਦਰੱਖਤਾਂ, ਬਿਜਲੀ ਦੇ ਖੰਭਿਆਂ ਤੇ ਛੋਟੀਆਂ ਫ਼ਸਲਾਂ ਦਾ ਨੁਕਸਾਨ ਕੀਤਾ, ਉਥੇ ਅਸਮਾਨੀ ਚੜ੍ਹੇ ਰੇਤੇ ਦੇ ਡਿੱਗਣ ਨਾਲ ਹਰੀਆਂ ਸਬਜ਼ੀਆਂ ਅਤੇ ਪਸ਼ੂਆਂ ਦੇ ਹਰਾ ਚਾਰਾ ਵੀ ਨੁਕਸਾਨਿਆ ਗਿਆ ਹੈ। ਬਹੁਤ ਥਾਵਾਂ ’ਤੇ ਬਿਜਲੀ ਠੱਪ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਨੂੰ ਠੀਕ ਕਰਨ ਲਈ ਪਾਵਰਕੌਮ ਦੇ ਕਰਮਚਾਰੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਅਨੇਕਾਂ ਥਾਵਾਂ ’ਤੇ ਬਿਜਲੀ ਦਰੁੱਸਤ ਨਾ ਹੋਣ ਕਾਰਨ ਘੁੱਪ ਹਨ੍ਹੇਰਾ ਛਾਇਆ ਰਿਹਾ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ਮੰਨਿਆ ਕਿ ਦੁਪਹਿਰ ਤੋਂ ਬਾਅਦ ਆਈ ਹਨੇਰੀ ਕਾਰਨ ਕੁੱਝ ਥਾਵਾਂ ’ਤੇ ਫ਼ਸਲਾਂ ਦੇ ਸੋਹਲ ਪੱਤਿਆਂ ਉਪਰ ਗਰਮ ਰੇਤਾ ਡਿੱਗਣ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਤਾਜ਼ਾ ਬੀਜੀਆਂ ਫ਼ਸਲਾਂ ਦੇ ਓੜੇ ਅੱਟੇ ਜਾਣ ਕਾਰਨ ਨੁਕਸਾਨ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਇਸੇ ਦੌਰਾਨ ਪਿੰਡ ਭੈਣੀਬਾਘਾ ਵਿੱਚ ਕਿਸਾਨ ਗੋਰਾ ਸਿੰਘ ਵੱਲੋਂ ਖੇਤੀ ਵਿਭਿੰਨਤਾ ਤਹਿਤ ਬੀਜੀ ਸ਼ਿਮਲਾ ਮਿਰਚ ਦਾ ਪਿਛਲੇ 4 ਦਿਨ ਤੋਂ ਵਧੇ ਪਾਰਾ ਤੋਂ ਬਾਅਦ ਨੁਕਸਾਨ ਹੋਣ ਲੱਗਿਆ ਹੈ। ਇਸ ਕਾਰਨ ਇਹ ਘਾਟੇ ਦਾ ਧੰਦਾ ਬਣ ਕੇ ਰਹਿ ਗਿਆ ਹੈ।