ਟੋਨੀ ਛਾਬੜਾ
ਜਲਾਲਾਬਾਦ, 1 ਨਵੰਬਰ
ਕੁੱਲ ਹਿੰਦ ਕਿਸਾਨ ਸਭਾ ਨੇ ਸਰਕਾਰ ਵੱਲੋਂ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਨਾ ਕਰਵਾਉਣ ਖ਼ਿਲਾਫ਼ ਬੱਤੀਆਂ ਵਾਲੇ ਚੌਕ ਵਿੱਚ ਚੱਕਾ ਜਾਮ ਕਰ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾ. ਸੁਰਿੰਦਰ ਢੰਡੀਆਂ ਅਤੇ ਬਲਾਕ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ ਨੇ ਦੱਸਿਆ ਕਿ ਦਰਜਨਾਂ ਪਿੰਡਾਂ ਵਿੱਚ ਗੜੇਮਾਰੀ ਕਾਰਨ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ ਅਤੇ ਦਸ ਦਿਨ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਅਜੇ ਤੱਕ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਨਹੀਂ ਕਰਵਾਈ ਗਈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਫੋਕੀ ਬਿਆਨਬਾਜ਼ੀ ਕਰਨ ਦੀ ਬਜਾਇ ਫੌਰੀ ਤੌਰ ’ਤੇ ਨੁਕਸਾਨੀਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਜਾਰੀ ਕਰੇ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀ ਵਾਲਾ ਅਤੇ ਜ਼ਿਲ੍ਹਾ ਆਗੂ ਨਰਿੰਦਰ ਢਾਬਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦੋ ਦਿਨਾਂ ਦੇ ਅੰਦਰ ਜੇਕਰ ਪ੍ਰਸ਼ਾਸਨ ਵੱਲੋਂ ਗਿਰਦਾਵਰੀ ਨਾ ਕਰਵਾਈ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਸਭਾ ਦੇ ਆਗੂ ਬਲਵੰਤ ਚੋਹਾਣਾ, ਛਿੰਦਰਪਾਲ ਛੱਪੜੀ ਵਾਲਾ, ਜਰਨੈਲ ਢਾਬਾਂ, ਐਂਟੀ-ਕਰੱਪਸ਼ਨ ਸੁਸਾਇਟੀ ਦੇ ਆਗੂ ਅਸ਼ੋਕ ਕੰਬੋਜ, ਬਾਬਾ ਬਲਵੀਰ ਸਿੰਘ, ਬਲਵਿੰਦਰ ਮਹਾਲਮ, ਗੁਰਦੀਪ ਘੁਰੀ, ਰਮੇਸ਼ ਪੀਰ ਮੁਹੰਮਦ, ਮੁਖਤਿਆਰ ਕਮਰੇ ਵਾਲਾ, ਦਲਜੀਤ ਸਹਿਗਲ, ਬਲਵਿੰਦਰ ਬਿੱਟੂ ਤੇ ਮੋਟਰਸਾਈਕਲ ਟਰਾਲੀ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਹਾਜ਼ਰ ਸਨ। ਤਹਿਸੀਲਦਾਰ ਅਜੇਪਾਲ ਸਿੰਘ ਨੇ ਕਿਹਾ ਕਿ ਕੁਝ ਦਿਨਾਂ ਵਿੱਚ ਗਿਰਦਾਵਰੀ ਕਰਵਾ ਕੇ ਸਾਰੇ ਕੇਸ ਸਰਕਾਰ ਨੂੰ ਭੇਜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਦੋ ਪਟਵਾਰੀ ਵੱਧ ਲਾ ਦਿੱਤੇ ਗਏ ਹਨ।