ਪੱਤਰ ਪ੍ਰੇਰਕ
ਮਾਨਸਾ, 19 ਸਤੰਬਰ
ਮਾਲਵਾ ਪੱਟੀ ਵਿੱਚ ਭੂੰਗ ਵਾਲੀਆਂ ਟਰਾਲੀਆਂ ਮਨੁੱਖੀ ਜਾਨਾਂ ਲਈ ਖੋਅ ਬਣਨ ਲੱਗੀਆਂ ਹਨ ਪਰ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਅਜਿਹੀਆਂ ਟਰਾਲੀਆਂ ਮੁੱਖ ਮਾਰਗਾਂ ਉੱਤੋਂ ਵੱਡੀਆਂ ਫੈਕਟਰੀਆਂ ਨੂੰ ਤੂੜੀ ਅਤੇ ਪਰਾਲੀ ਢੋਅ ਰਹੀਆਂ ਹਨ ਅਤੇ ਰਸਤਿਆਂ ਵਿੱਚ ਲੱਗੇ ਪੁਲੀਸ ਨਾਕਿਆਂ ਉੱਪਰੋਂ ਬਿਨਾਂ ਕਿਸੇ ਡਰ ਤੋਂ ਲੰਘ ਰਹੀਆਂ ਹਨ। ਸੜਕਾਂ ’ਤੇ ਦਿਨ-ਰਾਤ ਚੱਲਦੀਆਂ ਇਨ੍ਹਾਂ ਗੈਰਕਾਨੂੰਨੀ ਟਰੈਕਟਰ ਟਰਾਲੀਆਂ ਦੇ ਭੂੰਗ ਕਾਰਨ ਹਰ ਰੋਜ਼ ਵੱਖ-ਵੱਖ ਥਾਵਾਂ ’ਤੇ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕਦੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮਸਲੇ ਪ੍ਰਤੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੇ ‘ਘੂਕ ਸੁੱਤੇ’ ਰਹਿਣ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੀਆਂ ਇਨ੍ਹਾਂ ਟਰੈਕਟਰ-ਟਰਾਲੀਆਂ ਵਿੱਚ ਤੂੜੀ ਅਤੇ ਹੋਰ ਅਜਿਹਾ ਸਾਮਾਨ ਲੋੜੋਂ ਵੱਧ ਭਰਿਆ ਹੁੰਦਾ ਹੈ। ਕਈ ਵਾਰ ਤਾਂ ਟਰਾਲੀ ਦਾ ਕੋਈ ਹਿੱਸਾ ਦਿੱਸਦਾ ਹੀ ਨਹੀਂ, ਸਿਰਫ਼ ਵੱਡੀ ਮਾਤਰਾ ਵਿਚ ਲੱਦਿਆ ਭੂੰਗ ਹੀ ਦਿਖਾਈ ਦਿੰਦਾ ਹੈ, ਜਿਸ ਕਾਰਨ ਸਾਰੀ ਦੀ ਸਾਰੀ ਸੜਕ ਇਨ੍ਹਾਂ ਵਹੀਕਲਾਂ ਨੇ ਰੋਕੀ ਹੁੰਦੀ ਹੈ ਅਤੇ ਰਾਤ-ਬਰਾਤੇ ਅਕਸਰ ਚੱਲਦੇ ਇਨ੍ਹਾਂ ਬਹੁਤੇ ਵਹੀਕਲਾਂ ਦੇ ਪਿੱਛੇ ਕੋਈ ਰਿਫਲੈਕਟਰ/ਲਾਈਟ ਵੀ ਨਹੀਂ ਦਿਖਾਈ ਦਿੰਦੀ, ਜਿਸ ਕਾਰਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਪੰਜਾਬ ਸਮਾਲ ਸਕੇਲ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਅਤੇ ਸੀਨੀਅਰ ਐਡਵੋਕੇਟ ਹਰਿੰਦਰ ਸ਼ਰਮਾ ਨੇ ਕਿਹਾ ਕਿ ਸੜਕਾਂ ’ਤੇ ਗੈਰਕਾਨੂੰਨੀ ਢੰਗ ਨਾਲ ਚੱਲ ਰਹੀਆਂ ਇਨ੍ਹਾਂ ਟਰੈਕਟਰ-ਟਰਾਲੀਆਂ ਕੋਲ ਕੋਈ ਵੀ ਪਰਮਿਟ ਨਹੀਂ ਹੁੰਦਾ।
ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹੋਏ ਹਨ: ਐੱਸਐੱਸਪੀ
ਮਾਨਸਾ ਦੇ ਸੀਨੀਅਰ ਕਪਤਾਨ (ਪੁਲੀਸ) ਗੌਰਵ ਤੂਰਾ ਨੇ ਕਿਹਾ ਕਿ ਉਹ ਪਹਿਲਾਂ ਹੀ ਥਾਣਿਆਂ ਦੇ ਮੁਖੀਆਂ ਨੂੰ ਹੁਕਮ ਕਰ ਚੁੱਕੇ ਹਨ ਕਿ ਕੋਈ ਵੀ ਵਾਹਨ, ਜਿਸ ਦੇ ਬਾਡੀ ਤੋਂ ਬਾਹਰਲੇ ਹਿੱਸੇ ਵਿੱਚ ਮਾਲ ਲੋਡ ਕੀਤਾ ਹੈ, ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭੂੰਗ ਵਾਲੀਆਂ ਟਰਾਲੀਆਂ ਅਤੇ ਟਰੱਕਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹੋਏ ਹਨ।