ਪੱਤਰ ਪ੍ਰੇਰਕ
ਚਾਉਕੇ, 16 ਅਗਸਤ
ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਮੰਡੀ ਕਲਾਂ, ਖੋਖਰ, ਸੂਚ, ਚਾਉਕੇ ਆਦਿ ਪਿੰਡਾਂ ਵਿੱਚ ਪਿਛਲੀ ਰਾਤ ਕਿਸਾਨ-ਮਜ਼ਦੂਰਾਂ ’ਤੇ ਆਫ਼ਤ ਬਣ ਕੇ ਵਰ੍ਹੇ ਮੀਂਹ ਨੇ ਘਰਾਂ ਦਾ ਨੁਕਸਾਨ ਅਤੇ ਫ਼ਸਲਾਂ, ਹਰੇ ਚਾਰੇ ਅਤੇ ਸਬਜ਼ੀਆਂ ਦਾ ਵੱਡੀ ਪੱਧਰ ’ਤੇ ਖ਼ਰਾਬਾ ਕਰ ਦਿੱਤਾ ਹੈ। ਪਿੰਡ ਮੰਡੀ ਕਲਾਂ ਮਜ਼ਦੂਰ ਤਰਸੇਮ ਸਿੰਘ ਅਤੇ ਜੀਵਨ ਸਿੰਘ ਨੇ ਕਿਹਾ ਕਿ ਰਾਤ ਨੂੰ ਆਏ ਮੀਂਹ ਨਾਲ ਉਨ੍ਹਾਂ ਦੇ ਘਰ ਵਿੱਚ ਤਰੇੜਾਂ ਆਂ ਗਈਆਂ, ਖਾਣ ਵਾਲੀ ਕਣਕ ਪਾਣੀ ਨਾਲ ਖ਼ਰਾਬ ਹੋ ਗਈ। ਹੁਣ ਘਰ ਵਿੱਚ ਖਾਣ ਲਈ ਦਾਣਾ ਵੀ ਨਹੀਂ ਹੈ। ਮਜ਼ਦੂਰ ਰੂਪਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜੀ ਪੰਜੀ ਜੋੜ ਕੇ ਘਰ ਦੀ ਮੁਰੰਮਤ ਕੀਤੀ ਸੀ ਪਰ ਹੁਣ ਮੀਂਹ ਨਾਲ ਫਿਰ ਸਾਰਾ ਹੀ ਘਰ ਪਾਟ ਗਿਆ ਹੈ। ਮਜ਼ਦੂਰ ਨਿੰਮਾ ਸਿੰਘ, ਭੋਲਾ ਸਿੰਘ, ਬੱਤਰ ਸਿੰਘ, ਸੰਤੋਖ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੇ ਤਾਂ ਪਹਿਲਾਂ ਹੀ ਘੇਰਨੀਆਂ ਵਰਗੇ ਘਰ ਸਨ। ਰਾਤ ਵਾਲੇ ਮੀਂਹ ਨੇ ਉਨ੍ਹਾਂ ਵਿੱਚ ਵੀ ਤਰੇੜਾਂ ਲਿਆ ਦਿੱਤਿਆਂ ਹਨ। ਸਾਰੀ ਰਾਤ ਵਰ੍ਹਦੇ ਮੀਂਹ ਵਿੱਚ ਸਾਮਾਨ ਘਰਾਂ ਵਿੱਚੋਂ ਬਾਹਰ ਕੱਢਿਆ ਜੋ ਬੁਰੀ ਤਰ੍ਹਾਂ ਪਾਣੀ ਨਾਲ ਖ਼ਰਾਬ ਹੋ ਗਿਆ ਹੈ। ਪਿੰਡ ਮੰਡੀ ਕਲਾਂ ਦੇ ਕਿਸਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਸਾਲ ਤਾਂ ਆਫ਼ਤਾਂ ਲੈ ਕੇ ਆਇਆ ਹੈ। ਪਹਿਲਾਂ ਉਨ੍ਹਾਂ ਦੀਆਂ ਤਿੰਨ ਗਾਵਾਂ ਬਿਮਾਰੀ ਕਾਰਨ ਮਰ ਗਈਆਂ ਹਨ, ਹੁਣ ਉਨ੍ਹਾਂ ਦੀ ਆਪਣੀ ਤੇ ਠੇਕੇ ਲਈ ਸਾਰੀ ਜ਼ਮੀਨ ਵਿੱਚ ਮੀਂਹ ਦਾ ਪਾਣੀ ਭਰ ਗਿਆ ਹੈ। ਕਿਸਾਨ ਹਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਉਨ੍ਹਾਂ ਨੇ ਮਹਿੰਗੇ ਮੁੱਲ ਵਿੱਚ ਜ਼ਮੀਨ ਠੇਕੇ ’ਤੇ ਲੈ ਕੇ ਫ਼ਸਲ ਬੀਜੀ ਸੀ। ਜੋ ਬਰਸਾਤ ਦੇ ਪਾਣੀ ਵਿਚ ਡੁੱਬ ਚੱਕੀ ਹੈ। ਕਿਸਾਨ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਤਰੇੜਾਂ ਆ ਗਈਆਂ ਹਨ ਤੇ ਦੋ ਏਕੜ ਨਰਮੇ ਦੀ ਫ਼ਸਲ ਵਿੱਚ ਵੀ ਪਾਣੀ ਭਰ ਗਿਆ ਹੈ। ਪਿੰਡ ਖੋਖਰ ਦੇ ਰਮਦਾਸੀਆ ਭਾਈਚਾਰੇ ਨਾਲ ਸਬੰਧਿਤ ਕੁਲਦੀਪ ਸਿੰਘ, ਸੁਖਦੇਵ ਸਿੰਘ ਸਿੰਘ, ਭੋਲਾ ਸਿੰਘ, ਰਾਣੀ ਕੌਰ ਤੇ ਮਨਜੀਤ ਰਾਮਪੁਰੇ ਵਾਲਾ, ਰਣਜੀਤ ਸਿੰਘ, ਬਾਲੀ ਸਿੰਘ ਮਿਸਤਰੀ, ਜਸਵੀਰ ਸਿੰਘ, ਗੁਰਤੇਜ, ਮਿੰਠੂ ਸਿੰਘ, ਮਿੰਠੂ ਮਿਸਤਰੀ, ਜੁਗਰਾਜ ਸਿੰਘ ਦੇ ਘਰ ਮੀਂਹ ਦੇ ਪਾਣੀ ਨਾਲ ਨੁਕਸਾਨੇ ਗਏ ਹਨ ਤੇ ਸੈਂਕੜੇ ਏਕੜ ਫ਼ਸਲ ਪਾਣੀ ਨਾਲ ਖ਼ਰਾਬ ਹੋ ਗਈ ਹੈ। ਚਾਉਕੇ ਦੇ ਸਮਾਜਸੇਵੀ ਰਾਮ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ, ਸਕੂਲ ਦਾ ਗਰਾਊਂਡ ਵਿੱਚ ਪਾਣੀ ਭਰ ਗਿਆ ਹੈ। ਪੰਜਾਹ ਘਰ ਨੁਕਸਾਨੇ ਗਏ ਹਨ ਤੇ 200 ਏਕੜ ਦੇ ਕਰੀਬ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਤੁਰੰਤ ਨੁਕਸਾਨੇ ਘਰਾਂ ਤੇ ਜ਼ਮੀਨਾਂ ਦੀਆਂ ਗਿਰਦਾਵਰੀਆਂ ਕਰਾ ਕੇ ਮੁਆਵਜ਼ਾ ਦੇਵੇ, ਨਹੀਂ ਤਾਂ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।