ਖੇਤਰੀ ਪ੍ਰਤੀਨਿਧ
ਬਰਨਾਲਾ, 11 ਜੁਲਾਈ
ਸੀਪੀਆਈ (ਐੱਮ.ਐੱਲ.) ਲਬਿਰੇਸ਼ਨ ਦੀ ਬਰਨਾਲਾ ਤਹਿਸੀਲ ਇਕਾਈ ਦਾ ਡੈਲੀਗੇਟ ਇਜਲਾਸ ਨੇੜਲੇ ਪਿੰਡ ਠੀਕਰੀਵਾਲਾ ਵਿੱਚ ਹੋਇਆ। ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾ. ਪੁਰਸ਼ੋਤਮ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਮੁਕੰਮਲ ਤਬਦੀਲੀ ਲਈ ਕਮਿਊਨਿਸਟ ਲਹਿਰ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਤੇ ਬਾਦਲ ਦਲ ਨੂੰ ਮੁੜ ਸੱਤਾ ਵਿੱਚ ਆਉਣ ਤੋਂ ਰੋਕਣ ਅਤੇ ਫਾਸ਼ੀਵਾਦੀ ਭਾਜਪਾ ਦੇ ਮਨਸੂਬਿਆਂ ਨੂੰ ਨੱਥ ਪਾਉਣ ਲਈ ਲਾਲ ਝੰਡੇ ਨੂੰ ਸਿਆਸੀ ਬਦਲ ਵਜੋਂ ਉਭਰਨਾ ਸਮੇਂ ਦੀ ਲੋੜ ਹੈ। ਲਬਿਰੇਸ਼ਨ ਦੇ ਸੂਬਾ ਸਕੱਤਰ ਕਾ. ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਜਦੋਂ ਸੱਤਾ ਮਜ਼ਦੂਰ ਜਮਾਤ ਦੇ ਹੱਥਾਂ ਵਿੱਚ ਆਵੇਗੀ ਤਦ ਹੀ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਬਨਣਗੇ। ਜ਼ਿਲ੍ਹਾ ਸਕੱਤਰ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ 15 ਜੁਲਾਈ ਨੂੰ ਤਪਾ ਤਹਿਸੀਲ ਦਾ ਇਜਲਾਸ ਹੋਵੇਗਾ ਤੇ 23 ਜੁਲਾਈ ਬਰਨਾਲਾ ਜ਼ਿਲ੍ਹਾ ਆਗੂ ਟੀਮ ਦੀ ਚੋਣ ਹੋਵੇਗੀ। ਇਜਲਾਸ ਦੇ ਅਖੀਰ ਵਿਚ ਸਰਬਸੰਮਤੀ ਨਾਲ ਪਾਰਟੀ ਦੀ 9 ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ। ਕਾ. ਕਰਨੈਲ ਸਿੰਘ ਠੀਕਰੀਵਾਲਾ ਨੂੰ ਤਹਿਸੀਲ ਸਕੱਤਰ ਅਤੇ ਕਾ. ਰਜਿੰਦਰ ਕੌਰ ਨੂੰ ਤਹਿਸੀਲ ਖਜ਼ਾਨਚੀ ਚੁਣਿਆ ਗਿਆ।