ਨਿੱਜੀ ਪੱਤਰ ਪ੍ਰੇਰਕ
ਮੋਗਾ, 7 ਮਾਰਚ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਹਰਚਰਨ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੂੰ ਲਾਈਵ ਜਾਨਣ/ਨੇੜਿਓਂ ਵੇਖਣ ਦੀ ਉਤਸੁਕਤਾ ਲੈ ਕੇ ਕਾਫੀ ਗਿਣਤੀ ਵਿੱਚ ਦਰਸ਼ਕਾਂ ਦੇ ਕਾਊਟਿੰਗ ਏਰੀਆ ਦੇ ਨਜ਼ਦੀਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਕਾਰਨ ਸ਼ਹਿਰੀ ਇਲਾਕੇ ਵਿੱਚ ਪੈਂਦੇ ਨੈਸ਼ਨਲ ਹਾਈਵੇਅ ਉੱਪਰ ਟਰੈਫਿਕ ਜਾਮ ਦੀ ਸਮੱਸਿਆ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ 10 ਮਾਰਚ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਪੁਲ ਸੂਆ ਦੁੱਨੇਕੇ ਤੋਂ ਧਵਨ ਪੈਲੇਸ ਤੱਕ ਦੇ ਰੂਟ (ਨੈਸ਼ਨਲ ਹਾਈਵੇਅ- 95) ਉੱਪਰ ਭਾਰੀ ਟਰੈਫਿਕ ਦੇ ਗੁਜਰਨ ’ਤੇ ਪਾਬੰਦੀ ਹੋਵੇਗੀ। ਵੋਟਾਂ ਦੀ ਗਿਣਤੀ ਕੇਂਦਰ ਆਈਟੀਆਈ ਦੇ ਇਰਦ-ਗਿਰਦ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੇ 10 ਮਾਰਚ ਨੂੰ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਮੋਗਾ-ਲੁਧਿਆਣਾ ਕੌਮੀਮਾਰਗ ਅਕਾਲਸਰ ਚੌਕ ਮੋਗਾ ਤੋਂ ਧਵਨ ਪੈਲੇਸ ਚੌਕ ਤੱਕ (1.5 ਕਿਲੋਮੀਟਰ ਏਰੀਆ) ਦੇ ਰੂਟ ਉੱਪਰ ਆਮ ਟਰੈਫਿਕ ਦੇ ਲੰਘਣ ’ਤੇ ਪਾਬੰਦੀ ਹੋਵੇਗੀ। ਪਬਲਿਕ ਟਰਾਂਸਪੋਰਟ ਨੂੰ ਵੀ ਵਾਇਆ ਲੁਹਾਰਾ-ਚੌਕ ਰਾਹੀਂ ਸ਼ਹਿਰ ਦੇ ਅੰਦਰ ਦਾਖ਼ਲ ਹੋਣ ਜਾਂ ਸ਼ਹਿਰ ਤੋਂ ਬਾਹਰ ਜਾਣ ਦੀ ਆਗਿਆ ਹੋਵੇਗੀ।