ਨਿੱਜੀ ਪੱਤਰ ਪ੍ਰੇਰਕ
ਬਰਨਾਲਾ 30 ਅਕਤੂਬਰ
ਮੁੱਖ ਅੰਸ਼
- ਅਦਾਲਤ ਨੇ ਭਾਜਪਾ ਆਗੂ ਨੂੰ 14 ਦਿਨ ਲਈ ਜੇਲ੍ਹ ਭੇਜਿਆ
- ਦੂਜੇ ਮੁਲਜ਼ਮ ਅਕਾਲੀ ਆਗੂ ਤੇਜਿੰਦਰ ਸੋਨੀ ਨੂੰ ਫੜਨ ਲਈ ਪੁਲੀਸ ਵੱਲੋਂ ਛਾਪੇ
ਪੁਲੀਸ ਨੇ ਬੀਤੀ ਰਾਤ ਭਾਜਪਾ ਆਗੂ ਅਤੇ ਕੌਂਸਲਰ ਦੇ ਪੁੱਤਰ ਨੀਰਜ ਜਿੰਦਲ ਨੂੰ ਗਿ੍ਫ਼ਤਾਰ ਕਰਕੇ ਅੱਜ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ। ਪਿਛਲੇ ਦਿਨੀਂ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਸੁਨੀਲ ਦੱਤ ਵਰਮਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਦਫ਼ਤਰ ਵਿਖੇ ਕੌਂਸਲਰ ਸਰਬਜੀਤ ਕੌਰ ਦਾ ਪੁੱਤਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਗੂ ਤੇਜਿੰਦਰ ਸਿੰਘ ਸੋਨੀ ਜਾਗਲ, ਸਰੋਜ ਰਾਣੀ ਦਾ ਪੁੱਤਰ ਨੀਰਜ ਜਿੰਦਲ ਅਤੇ ਦੋ ਕੌਂਸਲਰਾਂ ਭੁਪਿੰਦਰ ਸਿੰਘ ਭਿੰਦੀ ਅਤੇ ਧਰਮਿੰਦਰ ਸਿੰਘ ਸੈਂਟੀ ਵੱਲੋਂ ਸਰਕਾਰੀ ਕੰਮ ’ਚ ਵਿਘਨ ਪਾਇਆ ਗਿਆ ਅਤੇ ਉਸ ਨਾਲ ਧੱਕਾ ਮੁੱਕੀ ਕੀਤੀ। ਪੁਲੀਸ ਨੇ ਸ਼ਿਕਾਕਿਤ ਦੇ ਆਧਾਰ ’ਤੇ ਦੋਵੇਂ ਕੌਂਸਲਰਾਂ ਨੂੰ ਛੱਡਦਿਆਂ ਕੌਂਸਲਰਾਂ ਦੇ ਪੁੱਤਰਾਂ ਖ਼ਿਲਾਫ਼ ਹੀ ਕੇਸ ਦਰਜ ਕੀਤਾ ਸੀ। ਥਾਣਾ ਸਿਟੀ ਇੰਚਾਰਜ ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਨੀਰਜ ਜਿੰਦਲ ਨੂੰ ਅਦਾਲਤ ਵੱਲੋਂ 14 ਦਿਨ ਲਈ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਸ ’ਚ ਦੂਜਾ ਮੁਲਜ਼ਮ ਤੇਜਿੰਦਰ ਸਿੰਘ ਸੋਨੀ ਜਾਗਲ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਛਾਪੇ ਮਾਰ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਸਰੇ ਪਾਸੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਦੋਵੇਂ ਮੁਲਜ਼ਮਾਂ ਨੂੰ ਬਚਾਉਣ ਦੀ ਖਾਤਰ ਪੂਰਾ ਜ਼ੋਰ ਲਾਇਆ ਹੋਇਆ ਹੈ।