ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 28 ਸਤੰਬਰ
ਇਥੇ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਮਿਊਂਸੀਪਲ ਪਾਰਕ ’ਚ ਕੁਝ ਵਿਅਕਤੀਆਂ ਵੱਲੋਂ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਦੇ ਬੁੱਤ ਨੂੰ ਸਥਾਪਤ ਕਰਵਾਇਆ ਜਾ ਰਿਹਾ ਸੀ, ਚੱਲ ਰਹੇ ਕੰਮ ਨੂੰ ਅੱਜ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਨੇ ਰੁਕਵਾ ਦਿੱਤਾ ਹੈ। ਕੌਂਸਲ ਦੇ ਕਾਰਜਸਾਧਕ ਅਫਸਰ ਬਲਵਿੰਦਰ ਸਿੰਘ ਨੇ ਬੁੱਤ ਵਾਲੀ ਥਾਂ ’ਤੇ ਜਨਤਕ ਨੋਟਿਸ ਲਗਾ ਕੇ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਕਿ ਬਿਨਾਂ ਮਨਜ਼ੂਰੀ ਤੋਂ ਪਾਰਕ ਵਿਚ ਕਿਸੇ ਤਰ੍ਹਾਂ ਦੀ ਕੋਈ ਉਸਾਰੀ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਸਾਰੀ ਦਾ ਕੰਮ ਗੁੱਡ ਮੌਰਨਿੰਗ ਕਲੱਬ ਦੀ ਸ਼ਿਕਾਇਤ ’ਤੇ ਰੁਕਵਾਇਆ ਗਿਆ ਹੈ।
ਇਸ ਮੌਕੇ ਗੁਰਬਚਨ ਸਿੰਘ ਟੌਨੀ ਨੇ ਕਿਹਾ ਕਿ ਪਾਰਕਾਂ ’ਚ ਬੁੱਤ ਸਥਾਪਤ ਨਹੀਂ ਹੋਣੇ ਚਾਹੀਦੇ ਕਿਉਂਕਿ ਪਾਰਕਾਂ ’ਚ ਬੁੱਤਾਂ ਦੀ ਕੋਈ ਲੋੜ ਨਹੀਂ। ਉਧਰ ਬੁੱਤ ਸਥਾਪਤ ਕਰਵਾਉਣ ਵਾਲੇ ਸੇਵਾਮੁਕਤ ਬੈਂਕ ਅਧਿਕਾਰੀ ਸੱਤਪਾਲ ਅਰੋੜਾ ਨੇ ਕਿਹਾ ਕਿ ਇਹ ਪਾਰਕ ਪਿਛਲੇ ਦੋ ਦਹਾਕੇ ਪਹਿਲਾ ਸ਼ਹੀਦ ਲਾਲਾ ਲਾਜਪਤ ਰਾਏ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ ਪਰ ਇਥੇ ਲੱਗੇ ਸ਼ਹੀਦ ਦੇ ਨਾਂ ਵਾਲੇ ਹੋਰਡਿੰਗ ਨੂੰ ਲੁਆ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਨਵੀਂ ਪੀੜੀ ਨੂੰ ਇਸਦਾ ਸਹੀ ਨਾਂ ਨਹੀਂ ਪਤਾ। ਸ਼ਹੀਦ ਕਿਸੇ ਇਕ ਫ਼ਿਰਕੇ ਦੇ ਨਹੀਂ ਹੁੰਦੇ ਬਲਕਿ ਕੌਮਾਂ ਨਾਲ ਸਬੰਧਤ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਪਾਰਕ ਦੀ ਇਸ ਵਿਵਾਦਿਤ ਜ਼ਮੀਨ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ। ਇਸ ਬਹੁਕਰੋੜੀ ਜ਼ਮੀਨ ’ਤੇ ਪੰਜਾਬ ਵਕਫ਼ ਬੋਰਡ ਆਪਣੀ ਮਾਲਕੀ ਜਤਾਉਂਦਾ ਹੈ ਤੇ ਦੂਜੇ ਪਾਸੇ ਸੂਬਾ ਸਰਕਾਰ ਆਪਣੀ। ਅਦਾਲਤ ਨੇ ਇਸ ਕੇਸ ਵਿਚ ਸਟੇਟਸ ਕੋ ਕੀਤਾ ਹੈ ਪਰ ਅਦਾਲਤੀ ਹੁਕਮਾਂ ਦੇ ਬਾਵਜੂਦ ਇਸ ਪਾਰਕ ’ਚ ਪਿਛਲੇ ਸਮੇਂ ਦੌਰਾਨ ਕਈ ਉਸਾਰੀਆਂ ਹੋਈਆਂ ਹਨ।