ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 17 ਫਰਵਰੀ
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅਧੀਨ ਪੈਂਦੀ ਰਾਮਾਂ ਮੰਡੀ ਨਗਰ ਕੌਂਸਲ ਲਈ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਥਾਨਕ ਸ੍ਰੀ ਦਸਮੇਸ਼ ਪਬਲਿਕ ਸਕੂਲ ਵਿੱਚ ਉਪ ਮੰਡਲ ਚੋਣ ਅਧਿਕਾਰੀ-ਕਮ- ਐੱਸਡੀਐੱਮ ਤਲਵੰਡੀ ਸਾਬੋ ਵਰਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ। ਇਨ੍ਹਾਂ ਵੋਟਾਂ ਦੇ ਆਏ ਨਤੀਜਿਆਂ ਵਿੱਚ ਕੁੱਲ 15 ਵਾਰਡਾਂ ਵਿੱਚੋਂ 11 ’ਤੇ ਕਾਂਗਰਸੀ ਉਮੀਦਵਾਰ ਜਿੱਤੇ ਜਦ ਕਿ ਦੋ ਵਾਰਡਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਤੇ ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ।
ਵਾਰਡ ਨੰਬਰ-1 ਤੋਂ ਨਿਰਮਲਾ ਰਾਣੀ, ਵਾਰਡ ਨੰਬਰ-2 ਤੋਂ ਪ੍ਰਵੀਨ ਕੁਮਾਰ ਪੱਕਾ, ਵਾਰਡ ਨੰਬਰ-3 ਤੋਂ ਰਾਕੇਸ਼ ਰਾਣੀ, ਵਾਰਡ ਨੰਬਰ-6 ਤੋਂ ਸਰਬਜੀਤ ਸਿੰਘ, ਵਾਰਡ ਨੰਬਰ-7 ਤੋਂ ਕਿਰਨ ਨਾਗਰ, ਵਾਰਡ ਨੰਬਰ-8 ਤੋਂ ਬੰਤਾ ਸਿੰਘ ਚੱਠਾ, ਵਾਰਡ ਨੰਬਰ-9 ਤੋਂ ਗੀਤਾ ਰਾਣੀ, ਵਾਰਡ ਨੰਬਰ-12 ਤੋਂ ਮਨੋਜ ਕੁਮਾਰ ਮੌਜੀ, ਵਾਰਡ ਨੰਬਰ-13 ਤੋਂ ਸੁਨੀਤਾ ਰਾਣੀ, ਵਾਰਡ ਨੰਬਰ-14 ਤੋਂ ਕ੍ਰਿਸ਼ਨ ਕੁਮਾਰ ਕਾਲਾ, ਵਾਰਡ ਨੰਬਰ-15 ਤੋਂ ਤੇਲੂ ਰਾਮ (ਸਾਰੇ ਕਾਂਗਰਸੀ ਉਮੀਦਵਾਰ), ਵਾਰਡ ਨੰਬਰ-5 ਤੋਂ ਕਰਮਜੀਤ ਕੌਰ, ਵਾਰਡ ਨੰਬਰ-10 ਤੋਂ ਸੰਜੀਵ ਕੁਮਾਰ (ਦੋਵੇਂ ਸ਼੍ਰੋਮਣੀ ਅਕਾਲੀ ਦਲ), ਵਾਰਡ ਨੰਬਰ-4 ਤੋਂ ਗੋਲਡੀ ਰਾਣੀ ਅਤੇ ਵਾਰਡ ਨੰਬਰ-11 ਤੋਂ ਸੁਨੀਤਾ ਰਾਣੀ (ਦੋਵੇਂ ਆਜ਼ਾਦ ਉਮੀਦਵਾਰ) ਜੇਤੂ ਰਹੇ।
ਐਲਾਨੇ ਗਏ ਨਤੀਜ਼ਿਆਂ ਤੋਂ ਬਾਅਦ ਜਿੱਥੇ ਕਾਂਗਰਸ ਦੇ ਜੇਤੂ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਖੁਸ਼ੀ ਵਿੱਚ ਗੁਲਾਲ ਖੇਡਿਆ, ਉੱਥੇ ਹੀ ਉਨ੍ਹਾਂ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ। ਇਸ ਮੌਕੇ ਸ੍ਰੀ ਜਟਾਣਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਭੰਡੀ ਪ੍ਰਚਾਰ ਅਤੇ ਦੂਸ਼ਣਬਾਜ਼ੀ ਦੇ ਬਾਵਜੂਦ ਲੋਕਾਂ ਨੇ ਕੈਪਟਨ ਕਾਂਗਰਸ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ। ਇਸ ਤੋਂ ਇਲਾਵਾ ਜੇਤੂ ਆਜ਼ਾਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।
ਜਲਾਲਾਬਾਦ ਕੌਂਸਲ ਦੇ 17 ’ਚੋਂ 11 ਵਾਰਡਾਂ ’ਤੇ ਕਾਂਗਰਸ ਦੀ ਝੰਡੀ, ‘ਆਪ’ ਦਾ ਖਾਤਾ ਖੁੱਲ੍ਹਿਆ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ/ਮਲਕੀਤ ਸਿੰਘ): ਜਲਾਲਾਬਾਦ ਨਗਰ ਕੌਂਸਲ ਚੋਣਾਂ ਦੇ ਨਜੀਤਿਆਂ ਵਿੱਚ ਕਾਂਗਰਸ ਪਾਰਟੀ ਦੀ ਕਮੇਟੀ ਬਣਨੀ ਤੈਅ ਹੈ। ਇੱਥੋਂ ਦੀਆਂ ਕੁੱਲ 17 ਸੀਟਾਂ ’ਤੇ ਹੋਈਆਂ ਚੋਣਾਂ ’ਚ ਕਾਂਗਰਸ ਨੇ 11 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਉੱਥੇ ਹੀ ਇਕ ਸੀਟ ਨਾਲ ਆਮ ਆਦਮੀ ਪਾਰਟੀ ਨੇ ਕੌਂਸਲ ’ਚ ਖਾਤਾ ਖੋਲ੍ਹ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ-1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਵਿੰਦਰ ਕੌਰ ਨੇ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਨੂੰ 105 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ-2 ਤੋਂ ਕਾਂਗਰਸੀ ਉਮੀਦਵਾਰ ਵਿਕਾਸਦੀਪ ਚੌਧਰੀ ਨੇ ਅਕਾਲੀ ਦਲ ਦੇ ਉਮੀਦਵਾਰ ਰਮਨ ਸਿਡਾਨਾ ਨੂੰ 534 ਵੋਟਾਂ ਨਾਲ, ਵਾਰਡ ਨੰਬਰ-3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਮਤਾ ਵਲੇਚਾ ਨੇ ਕਾਂਗਰਸੀ ਉਮੀਦਵਾਰ ਮਨਜੀਤ ਕੌਰ ਨੂੰ 355 ਵੋਟਾਂ, ਵਾਰਡ ਨੰਬਰ-4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਭਗਤ ਸਿੰਘ ਲਾਡੀ ਧਵਨ ਨੇ ਬੰਧੂ ਕਾਲੜਾ ਨੂੰ 56 ਵੋਟਾਂ, ਵਾਰਡ ਨੰਬਰ-5 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਤਾ ਰਾਣੀ ਨੇ ਕਾਂਗਰਸੀ ਉਮੀਦਵਾਰ ਸੁਰਜੀਤ ਕੌਰ ਨੂੰ 26 ਵੋਟਾਂ, ਵਾਰਡ ਨੰਬਰ-6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਮੇਸ਼ ਸਿੰਘ ਨੇ ਇਕਬਾਲ ਸਿੰਘ ਨੂੰ 51 ਵੋਟਾਂ, ਵਾਰਡ ਨੰਬਰ-8 ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਦੂਮੜਾ ਨੇ ਅਕਾਲੀ ਦਲ ਦੇ ਵਿਕਾਸ ਕੁੱਕੜ ਨੂੰ 372 ਵੋਟਾਂ, ਵਾਰਡ ਨੰਬਰ-9 ਤੋਂ ਕਾਂਗਰਸੀ ਉਮੀਦਵਾਰ ਸਪਨਾ ਪਰੂਥੀ ਨੇ ਅਕਾਲੀ ਉਮੀਦਵਾਰ ਕਿਰਨ ਬਾਲਾ, ਵਾਰਡ ਨੰਬਰ-10 ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਪੱਪੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸ ਗਗਨੇਜਾ, ਵਾਰਡ ਨੰਬਰ-11 ਤੋਂ ਕਾਂਗਰਸੀ ਉਮੀਦਵਾਰ ਰਛਪਾਲ ਸਿੰਘ ਢੋਲਾ ਰਾਜਪੂਤ ਨੇ ਜੋਗਿੰਦਰ ਸਿੰਘ ਨੂੰ, ਵਾਰਡ ਨੰਬਰ-12 ਤੋਂ ਕਾਂਗਰਸੀ ਉਮੀਦਵਾਰ ਆਂਚਲ ਰਾਣੀ ਨੇ ਭਾਜਪਾ ਦੀ ਅਨੀਤਾ ਰਾਣੀ, ਵਾਰਡ ਨੰਬਰ-13 ਤੋਂ ਕਾਂਗਰਸੀ ਉਮੀਂਦਵਾਰ ਰਜਨੀ ਧਵਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤ ਕੌਰ, ਵਾਰਡ ਨੰਬਰ-14 ਤੋਂ ਅਸ਼ਵਨੀ ਸਿਡਾਨਾ ਨੇ ਅਕਾਲੀ ਉਮੀਦਵਾਰ ਦੀਪਕ ਵਰਮਾ, ਵਾਰਡ ਨੰਬਰ 15 ਤੋਂ ਅਨੀਤਾ ਸੇਤੀਆ ਨੇ ਅਕਾਲੀ ਉਮੀਦਵਾਰ ਪੂਜਾ ਰਾਣੀ, ਵਾਰਡ ਨੰਬਰ-17 ਤੋਂ ਸਤੀਸ਼ ਕੁਮਾਰ ਸੋਨੂੰ ਨੇ ਅਕਾਲੀ ਉਮੀਦਵਾਰ ਸੁਭਾਸ਼ ਚੰਦਰ ਨੂੰ ਹਰਾਇਆ।