ਪੱਤਰ ਪ੍ਰੇਰਕ
ਮਾਨਸਾ, 1 ਜੁਲਾਈ
ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਸੱਤ ਪਿੰਡਾਂ ਦੇ ਨਰਮੇ ਵਾਲੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਕਿਸਾਨਾਂ ਨੂੰ ਹਰ ਕਿਸਮ ਦੀ ਸਪਰੇਅ ਕਰਨ ਤੋਂ ਵਰਜਿਆ ਹੈ। ਮਹਿਕਮੇ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਵਿੱਚ ਸਿੱਲ ਨਾ ਰਹਿਣ ਕਾਰਨ ਨਰਮੇ ਦੀ ਫ਼ਸਲ ’ਤੇ ਕਿਸੇ ਵੀ ਕੀਟ-ਪਤੰਗੇ ਦਾ ਅਜੇ ਤੱਕ ਕੋਈ ਹਮਲਾ ਨਹੀਂ ਹੈ, ਜਿਸ ਕਰ ਕੇ ਨਰਮੇ ਦੀ ਫ਼ਸਲ ਨੂੰ ਅਜੇ ਕਿਸੇ ਕਿਸਮ ਦੀਆਂ ਸਪਰੇਆਂ ਦੀ ਬਿਲਕੁਲ ਲੋੜ ਨਹੀਂ ਹੈ। ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਖੇਤੀਬਾੜੀ ਮਹਿਕਮੇ ਦੀ ਟੀਮ ਵੱਲੋਂ ਅੱਜ ਪਿੰਡ ਤਾਮਕੋਟ, ਰੱਲਾ, ਜੋਗਾ, ਅਕਲੀਆ, ਖਿਆਲਾ ਖੁਰਦ, ਬੁਰਜ ਹਰੀ ਅਤੇ ਉਭਾ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ.ਰਾਮ ਸਰੂਪ ਨੇ ਦੱਸਿਆ ਕਿ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਲਈ ਪੈਸਟ ਸਰਵੇਲੈਂਸ ਦੀ ਇੱਕ ਜ਼ਿਲ੍ਹਾ ਪੱਧਰੀ ਅਤੇ ਪੰਜ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਟੀਮ ਹਫਤੇ ਵਿੱਚ ਇੱਕ ਵਾਰ ਅਤੇ ਬਲਾਕ ਪੱਧਰੀ ਟੀਮਾਂ ਹਫਤੇ ਵਿੱਚ ਦੋ ਵਾਰ ਨਰਮੇ ਦੀ ਫਸਲ ਦਾ ਨਿਰੀਖਣ ਕਰਨਗੀਆਂ।
ਸਰਵੇਖਣ ਦੌਰਾਨ ਡਾ.ਚਮਨਦੀਪ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪਣੇ ਖੇਤਾਂ ਵਿੱਚ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਉਨ੍ਹਾਂ ਨੇ ਸਰਵੇਖਣ ਕਰਨ ਦੇ ਢੰਗ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ।
ਸਰਵੇਖਣ ਦੀਆਂ ਰਿਪੋਰਟਾਂ ਅਨੁਸਾਰ ਨਰਮੇ ਦੀ ਫਸਲ ਤੇ ਇਸ ਸਮੇਂ ਕਿਸੇ ਕਿਸਮ ਦਾ ਕੋਈ ਕੀੜਾ ਮਕੋੜਾ (ਚਿੱਟਾ ਮੱਛਰ, ਹਰਾ ਤੇਲਾ ਅਤੇ ਜੂੰ) ਆਦਿ ਦਾ ਹਮਲਾ ਨਹੀਂ ਦੇਖਣ ਨੂੰ ਮਿਲਿਆ।