ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜੁਲਾਈ
ਸਿਹਤ ਵਿਭਾਗ ਘਾਤਕ ਵਾਇਰਸ ਕਰੋਨਾ ਤੋਂ ਬਚਨ ਲਈ ਲੋਕਾਂ ਨੂੰ ਆਲੇ-ਦੁਆਲੇ ਦੀ ਸਾਫ਼-ਸਫਾਈ ਰੱਖਣ ਦੀ ਨਸੀਹਤ ਦੇ ਰਿਹਾ ਹੈ ਪਰ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਅਬਾਦੀ ਖੇਤਰ ਪੁਰਾਣੀ ਜੁਡੀਸ਼ਲ ਕੋਰਟ ਕੋਲ ਪੁੱਡਾ ਦੀ ਸੰਪਤੀ ਵਿੱਚ ਕੂੜਾ ਡੰਪ ਕਰਨ ਨਾਲ ਫੈਲੀ ਰਹੀ ਬਦਬੂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ।
ਮੁਹੱਲਾ ਵਾਸੀਆਂ ਕੁਲਦੀਪ ਸਿੰਘ, ਕੈਪਟਨ ਅਮਰਜੀਤ ਸਿੰਘ, ਦਰਸ਼ਨ ਲਾਲ, ਗੁਰਦੀਪ ਸਿਘ, ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਮੰਗਤ ਰਾਏ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਨਿਗਮ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਬਰਸਾਤ ਦੇ ਦਿਨਾਂ ਹੋਣ ਕਾਰਨ ਡੰਪ ਕੂੜੇ ਦੇ ਢੇਰ ਵਿੱਚੋਂ ਉੱਠਦੀ ਬਦਬੂ ਨੇ ਲੋਕਾਂ ਦਾ ਵੀ ਜਿਉਣਾ ਦੁੱਭਰ ਕੀਤਾ ਹੋਇਆ ਹੈ।
ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਤੇ ਪ੍ਰਸ਼ਾਸਨਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੂੜੇ ਦੇ ਡੰਪਾਂ ਨੂੰ ਜਨਤਕ ਥਾਵਾਂ ਤੋਂ ਤੁਰੰਤ ਹਟਵਾ ਕੇ ਲੋਕਾਂ ਨੂੰ ਗੰਦਗੀ ਤੋਂ ਨਿਜ਼ਾਤ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਘਾਤਕ ਵਾਇਰਸ ਕਰੋਨਾ ਤੋਂ ਬਚਨ ਲਈ ਆਲੇ-ਦੁਆਲੇ ਦੀ ਸਾਫ਼-ਸਫਾਈ ਰੱਖਣ ਦੀ ਨਸੀਹਤ ਦੇ ਰਿਹਾ ਹੈ ਪਰ ਇਥੇ ਨਿਗਮ ਕੂੜਾ ਡੰਪ ਕਰਕੇ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।
ਸ਼ਹਿਰ ਦੇ ਲੋਕਾਂ ਨੇ ਨਗਰ ਨਿਗਮ ਕਮੀਸ਼ਨਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਮਿੱਟੀ ਨਾਲ ਤਲਾਬ ਭਰਕੇ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ।
ਅਧਿਕਾਰੀਆਂ ਨੇ ਪੱਲਾ ਝਾੜਿਆ
ਨਿਗਮ ਐਕਸੀਅਨ ਨਛੱਤਰ ਸਿੰਘ ਨੇ ਕਿਹਾ ਕਿ ਤਲਾਬ ਨੂੰ ਕੂੜਾ ਕਰਕਟ ਆਦਿ ਗੰਦਗੀ ਨਾਲ ਭਰਕੇ ਉੱਤੇ ਮਿੱਟੀ ਪਾ ਕੇ ਸ਼ਹਿਰ ਵਿੱਚ ਰੇਹੜੀਆਂ ਵਾਲਿਆਂ ਨੂੰ ਇਹ ਜਗ੍ਹਾ ਦੇਣ ਦੀ ਯੋਜਨਾ ਹੈ। ਚੀਫ਼ ਸੈਂਨਟਰੀ ਇੰਸਪੈਕਟਰ ਬਿਕਰਮ ਸਿੰਘ ਨੇ ਕਿਹਾ ਕਿ ਉਨ੍ਹਾਂ ਨਿਗਮ ਅਧਿਕਾਰੀਆਂ ਦੇ ਕਹਿਣ ਉੱਤੇ ਕੂੜਾ ਸੁੱਟਣਾ ਸ਼ੁਰੂ ਕਰਵਾਇਆ ਹੈ।