ਸ਼ਗਨ ਕਟਾਰੀਆ
ਬਠਿੰਡਾ, 12 ਫਰਵਰੀ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ ਤੇ ਪੁੱਤਰ ਅਰਜੁਨ ਬਾਦਲ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸ਼ਹਿਰ ’ਚ ਨਗਰ ਨਿਗਮ ਦੀ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਵਾਰਡਾਂ ’ਚ ਚੋਣ ਮੀਟਿੰਗਾਂ ਕੀਤੀਆਂ ਅਤੇ ਅਖੀਰ ’ਚ ਪਰਸ ਰਾਮ ਨਗਰ ’ਚ ਵੱਡੇ ਚੋਣ ਜਲਸੇ ਦੌਰਾਨ ਮੁਖ਼ਾਤਬਿ ਹੋਏ।
ਸ੍ਰੀ ਬਾਦਲ ਨੇ ਕਿਹਾ ਕਿ ਉਹ ‘ਸ਼ਰਾਫ਼ਤ ਦੀ ਸਿਆਸਤ’ ਵਿਚ ਯਕੀਨ ਕਰਦੇ ਹਨ। ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਕੋਈ ਵੀ ਵਿਰੋਧੀ ਪਾਰਟੀ ਇਲਜ਼ਾਮ ਨਹੀਂ ਲਾ ਸਕਦੀ, ਕਿ ਉਸ ਦੇ ਇਕ ਵੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹੋਣ ਜਾਂ ਜਬਰਦਸਤੀ ਕੀਤੀ ਗਈ ਹੋਵੇ। ਉਨ੍ਹਾਂ ਅਕਾਲੀ ਦਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਸਰਕਾਰਾਂ ਵਕਤ ਜੋ ਦਹਿਸ਼ਤ ਅਤੇ ਗੁੰਡਾਗਰਦੀ ਹੁੰਦੀ ਰਹੀ ਹੈ, ਉਸ ਦੇ ਗਵਾਹ ਲੋਕ ਹਨ। ਉਨ੍ਹਾਂ ਦਾਅਵਾ ਕੀਤਾ ਕਿ 53 ਸਾਲਾਂ ਤੋਂ ਕੌਂਸਲ ਤੇ ਫਿਰ ਨਿਗਮ ’ਤੇ ਕਾਬਜ਼ ਰਹੇ ਅਕਾਲੀ ਦਲ ਦਾ ਇਸ ਵਾਰ ਗਲਬਾ ਇਸ ਲਈ ਟੁੱਟੇਗਾ ਕਿਉਂ ਕਿ ਲੋਕ ਨਫ਼ੇ/ਨੁਕਸਾਨ, ਨੇਕੀ/ਬਦੀ ਅਤੇ ਚੋਰ ਤੇ ਚੌਕੀਦਾਰ ਵਿਚਲੇ ਫ਼ਰਕ ਪਛਾਣਦੇ ਹਨ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਇਤਬਾਰ ਕਰਦੇ ਹਨ, ਇਸ ਲਈ 2022 ਵਿਚ ਕਾਂਗਰਸ ਮੁੜ ਪੰਜਾਬ ਵਿਚ ਸਰਕਾਰ ਬਣਾਏਗੀ। ਇਨ੍ਹਾਂ ਮੌਕਿਆਂ ’ਤੇ ਜੈਜੀਤ ਸਿੰਘ ਜੌਹਲ, ਅਰੁਣ ਵਧਾਵਨ, ਕੇ ਕੇ ਅਗਰਵਾਲ, ਅਸ਼ੋਕ ਕੁਮਾਰ, ਗੁਰਇਕਬਾਲ ਚਹਿਲ, ਟਹਿਲ ਸਿੰਘ ਬੁੱਟਰ, ਪ੍ਰਿਥੀਪਾਲ ਜਲਾਲ ਅਤੇ ਜਿੰਮੀ ਬਰਾੜ ਆਦਿ ਕਾਂਗਰਸੀ ਹਾਜ਼ਰ ਸਨ।
ਜਾਗੋ ਕੱਢ ਕੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ
ਬਠਿੰਡਾ: ਨਗਰ ਨਿਗਮ ਚੋਣਾਂ ’ਚ ਸ਼ਹਿਰ ਦੇ ਵਾਰਡ ਨੰਬਰ 33 ਤੋਂ ‘ਆਪ’ ਦੀ ਉਮੀਦਵਾਰ ਮਨਦੀਪ ਕੌਰ ਨੇ ਵਾਡਰ ਵਿੱਚ ਜਾਗੋ ਕੱਢ ਕੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨਾਂ ਨੂੰ ਕਈ ਜਗ੍ਹਾ ਵੋਟਰਾਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ। ਪਾਰਟੀ ਦੇ ਸੀਨੀਅਰ ਆਗੂ ਅਨਿਲ ਠਾਕੁਰ ਨੇ ਦਾਅਵਾ ਕੀਤਾ ਕਿ ਮਨਦੀਪ ਕੌਰ ਦਾ ਆਪਣੇ ਵਾਰਡ ’ਚ ਚੰਗਾ ਮਿਲਵਰਤਣ ਹੈ ਅਤੇ ਇਸੇ ਆਧਾਰ ’ਤੇ ਉਹ ਇੱਥੋਂ ਜਿੱਤ ਪ੍ਰਾਪਤ ਕਰਨਗੇ।