ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 26 ਜੁਲਾਈ
ਚਾਰ ਦਿਨ ਪਹਿਲਾਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਵਤੰਤਰ ਕੁਮਾਰ ਜੋਸ਼ੀ ਵੱਲੋਂ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ’ਤੇ ਜ਼ਲੀਲ ਕਰਨ ਦੇ ਲਾਏ ਦੋਸ਼ਾਂ ਮਗਰੋਂ ਅੱਜ ਭੁਪਿੰਦਰ ਸਿੰਘ ਸੱਗੂ ਤੇ ਸਵਤੰਤਰ ਕੁਮਾਰ ਜੋਸ਼ੀ ਇੱਕੋ ਮੰਚ ’ਤੇ ਇਕੱਠੇ ਦਿਖਾਈ ਦਿੱਤੇ।
ਦਰਅਸਲ, ਨਗਰ ਕੌਂਸਲ ਕੋਟਕਪੂਰਾ ਵਿੱਚ ਅੱਜ ਭੁਪਿੰਦਰ ਸਿੰਘ ਸੱਗੂ ਦੀ ਤਾਜਪੋਸ਼ੀ ਦਾ ਸਮਾਗਮ ਰੱਖਿਆ ਗਿਆ ਸੀ। ਸਮਾਗਮ ਵਿੱਚ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਆਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਸਮਾਗਮ ਦੇ ਆਲੇ-ਦੁਆਲੇ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੇ ਸਮਰਥਕਾਂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਹੋਰਡਿੰਗ ਲੱਗੇ ਹੋਏ ਸਨ। ਇਨ੍ਹਾਂ ਹੋਰਡਿੰਗਾਂ ਵਿੱਚੋਂ ਰਾਹੁਲ ਸਿੱਧੂ ਦੇ ਸਮਰਥਕ ਗਾਇਬ ਰਹੇ। ਸਮਾਗਮ ਇੱਕ ਘੰਟੇ ਪਛੜ ਕੇ ਸ਼ੁਰੂ ਹੋਇਆ। ਦੁਪਹਿਰ 12 ਵਜੇ ਫ਼ਰੀਦਕੋਟ ਵਿਧਾਇਕ ਕੁਸ਼ਲਦੀਪ ਢਿੱਲੋਂ ਤੇ ਸਾਬਕਾ ਮੰਤਰੀ ਉਪਿੰਦਰ ਸ਼ਰਮਾ ਨੇ ਭੁਪਿੰਦਰ ਸਿੰਘ ਸੱਗੂ ਨੂੰ ਪ੍ਰਧਾਨ ਦੀ ਕੁਰਸੀ ’ਤੇ ਬਿਠਾ ਦਿੱਤਾ। ਹਾਲਾਂਕਿ ਉਨ੍ਹਾਂ ਵੱਲੋਂ ਜਨਤਕ ਤੌਰ ’ਤੇ ਦੋ ਦਿਨ ਪਹਿਲਾਂ ਪ੍ਰਧਾਨ ਦੀ ਕੁਰਸੀ ਦਾ ਅਹੁਦਾ ਸੰਭਾਲ ਲਿਆ ਗਿਆ ਸੀ।