ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ
ਮੁਕਤਸਰ ਦੇ ਜਲਾਲਾਬਾਦ ਰੋਡ ਦੇ 43 ਸਾਲਾ ਅਤੇ ਮਲੋਟ ਦੇ ਇਕ 70 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਦੋਵੇਂ ਮਰੀਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਇਲਾਜ ਅਧੀਨ ਸਨ। ਸਿਹਤ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਇਸ ਵੇਲੇ ਜ਼ਿਲ੍ਹੇ ਅੰਦਰ ਕੁੱਲ 235 ਐਕਟਿਵ ਮਰੀਜ਼ ਹਨ ਜਿਨ੍ਹਾਂ ਵਿੱਚ ਅੱਜ 16 ਮਰੀਜ਼ ਸ਼ਾਮਲ ਹੋਏ। ਇਨ੍ਹਾਂ ਵਿੱਚ ਮੁਕਤਸਰ ਦੇ 7, ਮਲੋਟ ਦੇ 2, ਗਿਦੜਬਾਹਾ ਦੇ 5 ਅਤੇ ਬਾਦਲ ਤੇ ਮਿੱਡਾ ਦੇ 1-1 ਵਿਅਕਤੀ ਸ਼ਾਮਲ ਹਨ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸਿਰਸਾ ਜ਼ਿਲ੍ਹੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਰੋਨਾ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ। ਅੱਜ ਕਰੋਨਾ ਕਾਰਨ ਦੋ ਹੋਰ ਵਿਅਕਤੀਆਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 104 ਹੋ ਗਈ ਹੈ। ਜ਼ਿਲ੍ਹੇ ‘ਚ ਅੱਜ 80 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ, ਜਿਨ੍ਹਾਂ ਨਾਲ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 7,099 ਹੋ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਰਸਾ ਦੇ ਡਿਪਟੀ ਸਿਵਲ ਸਰਜਨ ਡਾ. ਵਿਰੇਸ਼ ਭੂਸ਼ਨ ਨੇ ਦੱਸਿਆ ਹੈ ਅੱਜ ਸਿਰਸਾ ਦੀ ਬੇਗੂ ਰੋਡ ‘ਤੇ ਇੱਕ 63 ਸਾਲਾ ਮਹਿਲਾ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਇਸ ਤਰ੍ਹਾਂ ਹੀ ਸਿਰਸਾ ਦੇ ਜੰਡਵਾਲਾ ਮੁਹੱਲਾ ਵਿੱਚ ਵੀ ਇੱਕ 80 ਸਾਲਾ ਵਿਅਕਤੀ ਦੀ ਕਰੋਨਾ ਨਾਲ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿਰਸਾ ਜ਼ਿਲ੍ਹੇ ‘ਚ 80 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ।