ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ, 16 ਅਗਸਤ
ਸੂਬੇ ਵਿੱਚ ਦਾਖ਼ਲੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਰੋਨਾ ਟੀਕਾਕਰਨ ਸਰਟੀਫਿਕੇਟ ਜਾਂ ਆਰ.ਟੀ-ਪੀ.ਸੀ.ਆਰ ਨੈਗੇਟਿਵ ਦੇ ਲਾਜ਼ਮੀ ਹੁਕਮ ਪਹਿਲੇ ਦਿਨ ਹੀ ਪਾਣੀ ਪੀ ਗਏ। ਇੱਥੇ ਹਰਿਆਣਾ ਸਰਹੱਦ ’ਤੇ ਡੂਮਵਾਲੀ ਸਰਹੱਦ ਅਤੇ ਮੰਡੀ ਕਿੱਲਿਆਂਵਾਲੀ ਬਾਰਡਰ ’ਤੇ ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼ ਦਾ ਅਸਰ ਨਹੀਂ ਵਿਖਾਈ ਦਿੱਤਾ। ਪੁਲੀਸ ਨਾਕੇਬੰਦੀ ਦੇ ਬਾਵਜੂਦ ਬਾਹਰੀ ਰਾਹਗੀਰ ਵਹੀਕਲਾਂ ’ਤੇ ਪਹਿਲਾਂ ਵਾਂਗ ਸੂਬੇ ’ਚ ਦਾਖ਼ਲ ਹੁੰਦੇ ਰਹੇ। ਉਨ੍ਹਾਂ ਤੋਂ ਕਰੋਨਾ ਟੀਕਾਕਰਨ ਸਰਟੀਫਿਕੇਟ ਜਾਂ ਆਰ.ਟੀ-ਪੀ.ਸੀ.ਆਰ ਨੈਗੇਟਿਵ ਰਿਪੋਰਟ ਬਾਰੇ ਕੋਈ ਪੁੱਛਗਿੱਛ ਵਿਖਾਈ ਨਹੀਂ ਦਿੱਤੀ। ਡੂਮਵਾਲੀ ’ਚ ਪੱਤਰਕਾਰ ਨੂੰ ਫੋਟੋਆਂ ਖਿੱਚਦੇ ਵੇਖ ਕੇ ਪੁਲੀਸ ਅਮਲਾ ਇੱਕ ਕਾਰ ਰੋਕ ਕੇ ਪੜਤਾਲ ਕਰਨ ਲੱਗਿਆ। ਤਾਜ਼ਾ ਸਰਕਾਰੀ ਹੁਕਮਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਨਹੀਂ ਪੁੱਜੀ। ਚਰਚਾ ਹੈ ਕਿ ਮੁੱਖ ਮੰਤਰੀ ਦੇ ਸਖ਼ਤ ਹੁਕਮ ਸੋਸ਼ਲ ਮੀਡੀਆ ਤੋਂ ਅਗਾਂਹ ਹੇਠਾਂ ਜ਼ਮੀਨ ਪੱਧਰ ’ਤੇ ਸੁਚੱਜੇ ਢੰਗ ਨਾਲ ਪੁੱਜੇ ਨਹੀਂ ਜਾਂ ਮੁੱਖ ਮੰਤਰੀ ਦੇ ਹੁਕਮਾਂ ਦੀ ਸੂਬੇ ਵਿੱਚ ਕੋਈ ਅਹਿਮੀਅਤ ਨਹੀਂ ਰਹੀ। ਡੂਮਵਾਲੀ ਵਿੱਚ ਮਾਲਵਾ ਬਾਈਪਾਸ ’ਤੇ ਇੱਕ ਕਾਂਸਟੇਬਲ ਅਤੇ ਚਾਰ ਏ.ਐਸ.ਆਈ. ਤਾਇਨਾਤ ਸਨ। ਜਿਨ੍ਹਾਂ ਮੁਤਾਬਕ ਇੱਥੇ ਕੋਈ ਮੈਡੀਕਲ ਟੀਮ ਨਹੀਂ ਪੁੱਜੀ। ਪੱਤਰਕਾਰ ਦੇ ਪੁੱਜਣ ਮੌਕੇ ਤਿੰਨ ਏ.ਐੱਸ.ਆਈ ਨਾਕੇ ’ਤੇ ਬੈਠੇ ਸਨ। ਇੱਕ ਏ.ਐੱਸ.ਆਈ. ਵੱਲੋਂ ਪੰਜਾਬ ’ਚ ਦਾਖ਼ਲ ਹੋਣ ਵਾਲਿਆਂ ਦੀ ਬਜਾਇ ਸੂਬੇ ਵਿਚੋਂ ਬਾਹਰ ਜਾਣ ਵਾਲੇ ਟਰੱਕਾਂ ਨੂੰ ਰੋਕ ਕੇ ‘ਪੁੱਛ-ਗਿੱਛ’ ਕੀਤੀ ਜਾ ਰਹੀ ਸੀ।